ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 19 ਅਪਰੈਲ
ਕਸਬਾ ਰਾਜਪੁਰਾ ਲਈ ਗਰਾਸ ਆਰਟਿਸਟ ਅਭਿਸ਼ੇਕ ਇਕ ਮਾਣ ਵਾਲੀ ਸ਼ਖ਼ਸੀਅਤ ਬਣ ਗਿਆ ਹੈ। ਦੁਨੀਆ ਦੇ ਰਿਕਾਰਡ ਦਰਜ ਕਰਨ ਵਾਲੀ ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਨੇ ਅਭਿਸ਼ੇਕ ਦਾ ਰਿਕਾਰਡ ਦਰਜ ਕਰਨ ਤੋਂ ਇਸ ਲਈ ਹੱਥ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਭਿਸ਼ੇਕ ਦਾ ਰਿਕਾਰਡ ਭਵਿੱਖ ਵਿਚ ਕੋਈ ਤੋੜ ਹੀ ਨਹੀਂ ਸਕਦਾ।
ਅਭਿਸ਼ੇਕ ਵਿੱਚ ਇਹ ਹੁਨਰ ਹੈ ਕਿ ਉਹ ਅੱਖਾਂ ’ਤੇ ਪੱਟੀ ਬੰਨ੍ਹ ਕੇ ਕੁਦਰਤੀ ਘਾਹ ਦੇ ਤਿੱਲਿਆਂ ਤੋਂ ਕਲਾਕ੍ਰਿਤਾਂ ਤਿਆਰ ਕਰ ਸਕਦਾ ਹੈ। ਅਭਿਸ਼ੇਕ ਨੇ ਹੁਣ ਤੱਕ ‘ਏਕ ਓਂਕਾਰ’ ਸਣੇ ਕਈ ਹੋਰ ਧਾਰਮਿਕ ਕਲਾਕ੍ਰਿਤਾਂ ਬਣਾਈਆਂ ਹਨ ਜਿਸ ਕਾਰਨ ਉਸ ਦਾ ਨਾਮ ਲਿਮਕਾ ਬੁੱਕ ਤੇ ਇੰਡੀਆ ਬੁੱਕ ਵਿੱਚ ਦਰਜ ਹੋ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਵੀ ਉਸ ਨੂੰ ਇਸ ਹੁਨਰ ਕਰ ਕੇ ਸਨਮਾਨਿਆ ਜਾ ਚੁੱਕਾ ਹੈ। ਅਭਿਸ਼ੇਕ ਨੇ ਪੰਜਾਬੀ ਟ੍ਰਿਬਿਊਨ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਗਿਨੀਜ਼ ਬੁੱਕ ਵਿੱਚ ਆਪਣਾ ਰਿਕਾਰਡ ਦਰਜ ਕਰਵਾਉਣ ਲਈ ਫਾਈਲ ਲਗਾਈ ਸੀ ਪਰ ਗਿਨੀਜ਼ ਬੁੱਕ ਵੱਲੋਂ ਉਨ੍ਹਾਂ ਨੂੰ ਈ-ਮੇਲ ਰਾਹੀਂ ਦੱਸਿਆ ਗਿਆ, ‘‘ਪ੍ਰਬੰਧਕਾਂ ਨੂੰ ਲੱਗਦਾ ਹੈ ਕਿ ਅਭਿਸ਼ੇਕ ਦਾ ਰਿਕਾਰਡ ਭਵਿੱਖ ਵਿਚ ਕੋਈ ਤੋੜ ਹੀ ਨਹੀਂ ਸਕਦਾ ਹੈ। ਉਹ ਉਨ੍ਹਾਂ ਦੇ ਹੁਨਰ ਦਾ ਸਨਮਾਨ ਕਰਦੀ ਹੈ।’’ ਗਿਨੀਜ਼ ਬੁੱਕ ਦੇ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਹੈ ਕਿ ਗਿਨੀਜ਼ ਬੁੱਕ ਸਿਰਫ਼ ਉਹੀ ਰਿਕਾਰਡ ਦਰਜ ਕਰਦੀ ਹੈ ਜਿਨ੍ਹਾਂ ਨੂੰ ਭਵਿੱਖ ਵਿੱਚ ਕੋਈ ਹੋਰ ਵਿਅਕਤੀ ਤੋੜਨ ਦੀ ਸਮਰੱਥਾ ਰੱਖਦਾ ਹੋਵੇ ਜਾਂ ਤੋੜ ਸਕੇ, ਇਸ ਲਈ ਉਹ ਅੱਖਾਂ ’ਤੇ ਪੱਟੀ ਬੰਨ੍ਹ ਕੇ ਘਾਹ ਦੇ ਤਿੱਲਿਆਂ ਤੋਂ ਕਲਾਕ੍ਰਿਤਾਂ ਬਣਾਉਣ ਦਾ ਰਿਕਾਰਡ ਦਰਜ ਕਰਨ ਤੋਂ ਅਸਮਰੱਥ ਹਨ।
ਇਸ ਮੌਕੇ ਅਭਿਸ਼ੇਕ ਨੇ ਦੱਸਿਆ ਕਿ ਉਸ ਨੇ ਘਾਹ ਦੇ ਤਿੱਲਿਆਂ ਤੋਂ ਮਾਸਕ ਵੀ ਤਿਆਰ ਕੀਤੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਗਿਨੀਜ਼ ਬੁੱਕ ਦੇ ਇਸ ਜਵਾਬ ਤੋਂ ਕੋਈ ਨਿਰਾਸ਼ਾ ਨਹੀਂ ਹੋਈ, ਸਗੋਂ ਇਹ ਵੀ ਆਪਣੇ ਆਪ ਵਿੱਚ ਇਕ ਰਿਕਾਰਡ ਹੈ। ਪੰਜਾਬ ਦੇ ਨੌਜਵਾਨ ਵੱਲੋਂ ਸਿਰਜੇ ਇਸ ਇਤਿਹਾਸ ਦੀ ਰਾਜਪੁਰਾ ਵਿੱਚ ਕਾਫੀ ਚਰਚਾ ਹੈ।