ਰਵੇਲ ਸਿੰਘ ਭਿੰਡਰ
ਪਟਿਆਲਾ,9 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਅੱਗੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਰੋਸ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਰੋਸ ਧਰਨੇ ’ਚ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਸ਼ਿਰਕਤ ਕਰਦਿਆਂ ਯੂਨੀਅਨ ਦੇ ਝੰਡਿਆਂ ਨੂੰ ਵਾਈਸ ਚਾਂਸਲਰ ਦਫ਼ਤਰ ਅੱਗੇ ਲਹਿਰਾਇਆ।
ਦਿਨ ਰਾਤ ਦੇ ਇਸ ਧਰਨੇ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਗੌਰ ਨਾ ਕੀਤੇ ਜਾਣ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਐਤਕੀ ਦੀ ਦੀਵਾਲੀ ਨੂੰ ਕਾਲੀ ਦੀਵਾਲੀ ਵਜੋਂ ਮਨਾਉਣ ਦਾ ਵੀ ਲੰਘੇ ਕੱਲ੍ਹ ਫੈਸਲਾ ਲਿਆ ਸੀ। ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ 14 ਕਾਂਸਟੀਚੁਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਧਰਨਾ ਆਰੰਭਿਆ ਹੋਇਆ ਹੈ। ਧਰਨੇ ਦੌਰਾਨ ਅਹਿਮ ਮੰਗਾਂ ’ਚ 12 ਮਹੀਨੇ ਦੀ ਤਨਖਾਹ ਕਰਵਾਉਣ ਤੇ ਪਿਛਲੇ ਇੱਕ ਸਾਲ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੰਘਰਸ਼ੀ ਅਧਿਆਪਕਾਂ ਦਾ ਸ਼ਿਕਵਾ ਹੈ ਕਿ ਆਖ਼ਿਰ ਜਦੋਂ ਉਹ ਪੂਰਾ ਸਾਲ ਕਾਲਜ ਨਾਲ ਜੁੜੇ ਰਹਿੰਦੇ ਹਨ, ਫਿਰ ਸਵਾ ਚਾਰ ਮਹੀਨੇ ਦੀ ਤਨਖਾਹ ’ਚ ਬ੍ਰੇਕ ਪਾਉਣਾ ਕਿੱਥੋਂ ਵਾਜਬਿ ਹੈ। ਅਧਿਆਪਕ ਜਿਥੇ ਮਾਨਸਿਕ ਪ੍ਰੇਸ਼ਾਨੀ ’ਚ ਹਨ, ਉਥੇ ਆਰਥਿਕ ਸ਼ੋਸ਼ਣ ਦਾ ਵੀ ਸ਼ਿਕਾਰ ਹੋ ਰਹੇ ਹਨ। ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਦੋਗਲੀ ਭੂਮਿਕਾ ਤੋਂ ਗੈਸਟ ਫੈਕਲਟੀ ਅਧਿਆਪਕਾਂ ’ਚ ਗੁੱਸਾ ਹੈ। ਅਜਿਹੇ ਸੰਘਰਸ਼ ਵਜੋਂ ਅੱਜ ਸੰਘਰਸ਼ੀ ਅਧਿਆਪਕਾਂ ਨੇ ਵਾਈਸ ਚਾਂਸਲਰ ਦੇ ਮੁੱਖ ਗੇਟ ਨੂੰ ਬੰਦ ਵੀ ਰੱਖਿਆ। ਰੋਸ ਪ੍ਰੋਗਰਾਮ ‘ਚ ਸੰਘਰਸ਼ੀ ਅਧਿਆਪਕਾਂ ਦੇ ਹੱਕ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਹਾਦਰ ਸਿੰਘ ਸਣੇ ਹੋਰ ਕਿਸਾਨ ਵੀ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸੰਘਰਸ਼ੀ ਅਧਿਆਪਕਾਂ ਦੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਕਿਸਾਨ ਯੂਨੀਅਨ ਅਪਨਾ ਲਵੇਗੀ। ਗੈਸਟ ਫੈਕਲਟੀ ਜਥੇਬੰਦੀ ਦੇ ਪ੍ਰਧਾਨ ਡਾ. ਗੁਰਦਾਸ ਸਿੰਘ ਨੇ ਆਖਿਆ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹ ਸੰਘਰਸ਼ ਤੋਂ ਪਿੱਛੇ ਨਹੀ ਹਟਣਗੇ। ਅਧਿਆਪਕਾਂ ਨੇ ਯੂਨੀਵਰਸਿਟੀ ਕੈਂਪਸ ’ਚ ਰੋਸ ਮਾਰਚ ਵੀ ਕੀਤਾ।