ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੁਲਾਈ
ਗੈਸਟ ਫੈਕਲਟੀ ਕਾਂਸਟੀਚੁਐਂਟ/ ਨੇਬਰਹੁੱਡ ਅਧਿਆਪਕਾਂ ਦਾ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਫਤਰ ਅੱਗੇ ਧਰਨਾ 20ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਚੱਲ ਰਹੀ ਲੜੀਵਾਰ ਭੁੱਖ ਹੜਤਾਲ 12ਵੇਂ ਦਿਨ ’ਚ ਜਾ ਪੁੱਜੀ। ਇਸ ਦੌਰਾਨ ਅੱਜ ਪ੍ਰੋ. ਜਸਦੀਪ ਸਿੰਘ ਅਤੇ ਪ੍ਰੋ. ਵਿਸ਼ਾਲ ਸਿੰਗਲਾ ਨੇ ਭੁੱਖ ਹੜਤਾਲ ਰੱਖੀ। ਇਨ੍ਹਾਂ ਅਧਿਆਪਕਾਂ ਦੇ ਇੱਥੇ ਜਾਰੀ ਦਿਨ ਰਾਤ ਦੇ ਇਸ ਧਰਨੇ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਧਿਆਨ ਨਾ ਦੇਣ ਤੋਂ ਖਫਾ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਅੱਜ ਯੂਨੀਵਰਸਿਟੀ ਕੈਂਪ ’ਚ ਪੀਪਾ ਮਾਰਚ ਵੀ ਕੀਤਾ ਗਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਬੰਦ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਧਰਨੇ ਦੌਰਾਨ ਡਾ. ਗੁਰਸੇਵਕ ਸਿੰਘ (ਮੂਨਕ), ਪ੍ਰੋ. ਦਵਿੰਦਰ ਸਿੰਘ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਜਸਦੀਪ ਸਿੰਘ ਤੇ ਪ੍ਰੋ. ਬੇਅੰਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਗਾਂ ਪ੍ਰਤੀ ਧਿਆਨ ਦੇਣ ਦੀ ਬਜਾਏ ਯੂਨੀਵਰਸਿਟੀ ਪ੍ਰਸ਼ਾਸਨ ਅਧਿਆਪਕਾਂ ਨੂੰ ਧਮਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੈਸਟ ਫੈਕਲਟੀ ਅਧਿਆਪਕਾਂ ਨੂੰ 8 ਮਹੀਨੇ ਤਨਖਾਹ ’ਤੇ 12 ਮਹੀਨੇ ਕੰਮ ਕਰਨਾ ਪੈ ਰਿਹਾ ਹੈ। ਯੂਨੀਵਰਸਿਟੀ ਵੱਲੋਂ ਜਾਰੀ ਪੱਤਰ ਦੁਆਰਾ ਵੀ 11 ਮਹੀਨੇ 25 ਦਿਨ ਕੰਮ ਕਰਨ ਦੀ ਗੱਲ ਆਖੀ ਜਾ ਚੁੱਕੀ ਹੈ। ਪਰ ਇਸ ਦੇ ਬਾਵਜੂਦ ਮਿਹਨਤਾਨਾ ਕੇਵਲ 8 ਮਹੀਨੇ ਹੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਧਰਨੇ ਦੌਰਾਨ ਅਧਿਆਪਕਾਂ ਨੂੰ ਕਾਲਜਾਂ ਵਿੱਚੋਂ ਫਾਰਗ ਵੀ ਕਰ ਦਿੱਤਾ ਗਿਆ ਹੈ। ਅਧਿਆਪਕਾਂ ਦੇ ਕੋਰਸ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਗੈਸਟ ਫੈਕਲਟੀ ਅਧਿਆਪਕਾਂ ਦੀ ਪੋਸਟ ’ਤੇ ਰੈਗੂਲਰ ਅਧਿਆਪਕ ਨੂੰ ਬਦਲ ਕੇ ਭੇਜਿਆ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਗੈਸਟ ਫੈਕਲਟੀ ਅਧਿਆਪਕਾਂ ਦੇ ਵਰਕਲੋਡ ਨੂੰ ਖਤਮ ਕੀਤਾ ਜਾ ਸਕੇ। ਬੁਲਾਰਿਆਂ ਦਾ ਕਹਿਣਾ ਸੀ ਕਿ ਸਾਰੇ ਗੈਸਟ ਫੈਕਲਟੀ ਅਧਿਆਪਕ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਤੇ ਨਿਯਮਤ ਪ੍ਰਕਿਰਿਆ ਤਹਿਤ ਇੰਟਰਵਿਊ ਦੁਆਰਾ ਚੁਣੇ ਹੋਏ ਹਨ। ਬਹੁਤੇ ਪੀ.ਐੱਚ.ਡੀ ਵੀ ਹਨ।