ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਜੂਨ
ਮਿਸ਼ਨ ਫ਼ਤਹਿ ਤਹਿਤ ਖੁਸ਼ਹਾਲੀ ਦੇ ਰਾਖੇ ਪਿੰਡ-ਪਿੰੰਡ ਕਰੋਨਾਵਾਇਰਸ ਪ੍ਰਤੀ ਸਾਵਧਾਨੀਆਂ ਰੱਖਣ ਦਾ ਪ੍ਰਚਾਰ ਕਰ ਰਹੇ ਹਨ। ਜੀਓਜੀ ਸਕੀਮ ਦੇ ਜ਼ਿਲ੍ਹਾ ਮੁਖੀ ਸੇਵਾਮੁਕਤ ਬ੍ਰਿਗੇਡੀਅਰ ਡੀਐਸ ਗਰੇਵਾਲ ਨੇ ਦੱਸਿਆ ਕਿ ਖੁਸ਼ਹਾਲੀ ਦੇ ਰਾਖੇ ਮਿਸ਼ਨ ਫ਼ਤਹਿ ਦੇ ਬੈਜ ਲਗਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਦਿੱਤੇ ਸੁਨੇਹੇ ਦੇ ਪੈਂਫਲਟ ਵੰਡਣ ਦੇ ਨਾਲ ਮਿਸ਼ਨ ਨਾਲ ਜੁੜਨ ਲਈ ਲੋਕਾ ਦੇ ਮੋਬਾਈਲ ਫੋਨਾਂ ਵਿੱਚ ਕੋਵਾ ਐਪ ਵੀ ਡਾਊਨਲੋਡ ਕਰਵਾ ਰਹੇ ਹਨ। ਊਨ੍ਹਾਂ ਦੱਸਿਆ ਕਿ ਸ਼ੁਤਰਾਣਾ ਹਲਕੇ ਅਤੇ ਪਾਤੜਾਂ ਤਹਿਸੀਲ ਅੰਦਰ ਆਉਂਦੇ ਪਿੰਡਾਂ ‘ਚ ਜੀਓਜੀ ਨੇ ਕਮਾਂਡ ਸੰਭਾਲੀ ਹੋਈ ਹੈ। ਇਸ ਤਹਿਤ ਪਿੰਡ ਮਤੌਲੀ ਵਿੱਚ ਜੀਓਜੀ ਪਾਲ ਚੰਦ ਤੇ ਪਿੰਡ ਬਰਾਸ ਵਿੱਚ ਜੀਓਜੀ ਸੁਰਿੰਦਰ ਸਿੰਘ ਬਰਾਸ ਨੇ ਮਿਸ਼ਨ ਫ਼ਤਿਹ ਦੇ ਪੈਂਫਲਟ ਵੰਡੇ। ਇਸ ਮੌਕੇ ਮੈਂਬਰ ਸਦੀਕ ਖਾਨ ਮੌਜੂਦ ਸਨ। ਜਦੋਂਕਿ ਜੀਓਜੀ ਪ੍ਰੇਮ ਸਿੰਘ ਨੇ ਪਿੰਡ ਹੀਰਾਨਗਰ ਤੋਂ ਡਰੌਲੀ ਦਾ ਦੌਰਾ ਕੀਤਾ। ਜੀਓਜੀ ਤਰਸੇਮ ਸਿੰਘ ਨੇ ਪਿੰਡ ਖਾਸਪੁਰ ਵਿਖੇ ਪ੍ਰਚਾਰ ਮੁਹਿੰਮ ਚਲਾਈ। ਪਿੰਡ ਢਾਬੀ ਗੁੱਜ਼ਰਾਂ ਵਿੱਚ ਜੀਓਜੀ ਹੌਲਦਾਰ ਰਜਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਰਾਹੀਂ ਪ੍ਰਾਪਤ ਹੋਏ 77 ਬੈਗਾਂ ਵਿੱਚੋਂ ਪਰਵਾਸੀ ਮਜ਼ਦੂਰਾਂ ਨੂੰ ਮਿਸ਼ਨ ਫ਼ਤਿਹ ਤਹਿਤ ਰਾਸ਼ਨ ਦੇ 39 ਬੈਗ ਸੌਂਪੇ ਬਾਕੀ ਪਿੰਡ ‘ਚ ਵੰਡੇ।
ਸਮਾਜ ਸੇਵੀਆਂ ਨੇ ਘਰ-ਘਰ ਜਾ ਕੇ ਜਾਗਰੂਕ ਕੀਤਾ
ਪਟਿਆਲਾ (ਖੇਤਰੀ ਪ੍ਰਤੀਨਿਧ): ਸਮਾਜ ਸੇਵੀ ਸੰਸਥਾ ਪਾਵਰ ਹਾਊਸ ਯੂਥ ਕਲੱਬ ਦੇ ਜਤਵਿੰਦਰ ਸਿੰਘ ਗਰੇਵਾਲ ਤੇ ਪ੍ਰਧਾਨ ਮਿਸ ਰੁਪਿੰਦਰ ਕੌਰ ਦੀ ਅਗਵਾਈ ਹੇਠ ਕਲੱਬ ਦੇ ਨੁਮਾਇੰਦਿਆਂ ਨੇ ਮਿਸ਼ਨ ਫ਼ਤਿਹ ਤਹਿਤ ਘਰ ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ। ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਸਮੇਂ ਸਮੇਂ ’ਤੇ ਹੱਥ ਧੋਣ, ਸਮਾਜਿਕ ਦੂਰੀ ਬਣਾਉਣ, ਸਿਰਫ਼ ਲੋੜ ਪੈਣ ’ਤੇ ਹੀ ਘਰਾਂ ਤੋਂ ਬਾਹਰ ਨਿਕਲਣ ਅਤੇ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਛਪਵਾਏ ਪਰਚੇ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਕਲੱਬ ਦੇ ਵਲੰਟੀਅਰ ਕੋਵਾ ਐਪ ਵੀ ਲੋਕਾਂ ਦੇ ਫੋਨਾਂ ਵਿੱਚ ਇੰਸਟਾਲ ਕਰਵਾ ਰਹੇ ਹਨ।