ਬਹਾਦਰ ਸਿੰਘ ਮਰਦਾਂਪੁਰ
ਘਨੌਰ, 13 ਸਤੰਬਰ
ਇਸ ਖਿੱਤੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਰਵੀਂ ਬਾਰਸ਼ ਨਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਡੂੰਘਾ ਹੋ ਗਿਆ ਹੈ। ਖਿੱਤੇ ਦੇ ਕਿਸਾਨ ਨਹਿਰੀ ਪਾਣੀ ਦੀਆਂ ਸਿੰਜਾਈ ਸਹੂਲਤਾਂ ਤੋਂ ਪਹਿਲਾਂ ਤੋਂ ਹੀ ਵਾਂਝੇ ਹਨ। ਹੁਣ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਣ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੇ ਕਿਸਾਨ ਡੂੰਗੇ ਬੋਰ ਕਰਾਉਣ ਲਈ ਲਈ ਹੋਰ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ।
ਜਾਣਕਾਰੀ ਅਨੁਸਾਰ ਇਲਾਕੇ ਵਿੱਚੋਂ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਲੰਘਣ ਦੇ ਬਾਵਜੂਦ ਬਹੁਤੇ ਪਿੰਡਾਂ ਦੇ ਕਿਸਾਨਾਂ ਨੂੰ ਖੇਤੀਬਾੜੀ ਸੈਕਟਰ ਲਈ ਨਹਿਰੀ ਪਾਣੀ ਦੀਆਂ ਸਿੰਜਾਈ ਸਹੂਲਤਾਂ ਨਹੀਂ ਮਿਲ ਰਹੀਆਂ। ਕਿਸਾਨ ਆਪਣੀ ਫਸਲਾਂ ਪਾਲਣ ਲਈ ਟਿਊਬਵੈੱਲਾਂ ਜਾ ਬਾਰਸ਼ ਉਪਰ ਨਿਰਭਰ ਕਰਦਾ ਹੈ। ਉਧਰ ਪਿਛਲੇ ਲੰਮੇ ਅਰਸੇ ਤੋਂ ਇਸ ਖਿੱਤੇ ਵਿੱਚ ਕੋਈ ਭਰਵੀਂ ਬਾਰਿਸ਼ ਨਹੀਂ ਹੋਈ ਜਿਸ ਕਾਰਨ ਖਿੱਤੇ ਵਿੱਚ ਸੋਕੇ ਵਰਗੇ ਹਾਲਾਤ ਬਣੇ ਹੋਏ ਹਨ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਸਾਲ ਦੌਰਾਨ 20-25 ਫੁੱਟ ਹੋਰ ਡੂੰਘਾ ਚਲਿਆ ਗਿਆ ਹੈ ਜਿਸ ਕਾਰਨ 250 ਫੁੱਟ ਤੋਂ ਘੱਟ ਡੂੰਘਾਈ ਵਾਲੇ ਸਾਰੇ ਟਿਊਬਵੈਲ ਲਗਪਗ ਬੰਦ ਹੋ ਚੁੱਕੇ ਹਨ ਅਤੇ ਪਾਣੀ ਦਾ ਪੱਧਰ ਚਾਲੂ ਸੀਜ਼ਨ ਦੌਰਾਨ 270 ਫੁੱਟ ਤੱਕ ਡੂੰਘਾ ਚਲਿਆ ਗਿਆ ਹੈ। ਜਦੋਂ ਕਿ 400 ਤੋਂ 450 ਫੁੱਟ ਡੂੰਘੇ ਸਬਮਰਸੀਬਲ ਟਿਊਬਵੈਲਾਂ ਦੀਆਂ ਮੋਟਰਾਂ ਨੇ ਪਾਣੀ ਕੱਢਣਾ ਘੱਟ ਕਰ ਦਿੱਤਾ ਹੈ। ਕਿਸਾਨ ਆਪਣੀਆਂ ਮੋਟਰਾਂ ਨੂੰ 340 ਤੋਂ 370 ਫੁੱਟ ਤੱਕ ਡੂੰਘਾਈ ’ਤੇ ਪਹੁੰਚਾ ਰਹੇ ਹਨ ਜਿਸ ’ਤੇ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਟਿਊਬਵੈਲ ਵਧੇਰੇ ਖਰਚਾ ਕਰਨਾ ਪੈ ਰਿਹਾ ਹੈ। ਇਸ ਖੇਤਰ ਦੇ ਕਿਸਾਨਾਂ ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਮਰਦਾਂਪੁਰ, ਭੁਪਿੰਦਰ ਸਿੰਘ, ਅਜੈਬ ਸਿੰਘ ਹਾਸ਼ਮਪੁਰ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਸਬਮਰਸੀਬਲ ਮੋਟਰ ਨੂੰ ਹੋਰ ਡੂੰਘਾ ਕਰਨ ਲਈ 30-30 ਫੁੱਟ ਤੱਕ ਨਿਕਾਸੀ ਪਾਈਪ ਪਾਈ ਹੈ। ਲੋਡ ਵਧਣ ਕਾਰਨ ਮੋਟਰ ਦਾ ਲੋਡ ਵਧਾਉਣ ’ਤੇ 2600 ਰੁਪਏ ਪ੍ਰਤੀ ਹਾਰਸ ਪਾਵਰ ਬਿਜਲੀ ਵਿਭਾਗ ਕੋਲ੍ਹ ਜਮਾਂ ਕਰਵਾਉਣੇ ਪੈ ਰਹੇ ਹਨ ਜਿਸ ਨੂੰ ਲੈ ਕੇ ਕਿਸਾਨ ਗੰਭੀਰ ਸੰਕਟ ਵਿੱਚ ਘਿਰਿਆ ਹੋਇਆ ਹੈ। ਇਲਾਕੇ ਦੇ ਮਸ਼ਹੂਰ ਸੰਧੂ ਇਲੈਕਟ੍ਰੀਕਲ ਵਰਕਸ ਦੇ ਮਾਲਕ ਗੁਲਜਾਰ ਸਿੰਘ ਸੰਧੂ ਅਤੇ ਭੁਪਿੰਦਰ ਸਿੰਘ ਮਰਦਾਂਪੁਰ ਸਮੇਤ ਹੋਰਨਾਂ ਨੇ ਦੱਸਿਆ ਕਿ ਅਜੋਕੇ ਹਾਲਾਤ ਵਿੱਚ ਉਹ ਰੋਜ਼ਾਨਾ 4-6 ਟਿਊਬਵੈਲਾਂ ਵਿੱਚ ਨਿਕਾਸੀ ਪਾਈਪਾਂ ਪਾ ਕੇ ਮੋਟਰਾਂ ਡੂੰਘੀਆਂ ਕਰ ਰਹੇ ਹਨ। ਇਲਾਕੇ ਦੇ ਕਿਸਾਨ ਆਗੂ ਧਰਮਪਾਲ ਸਿੰਘ ਸੀਲ, ਮਹਿੰਦਰ ਸਿੰਘ ਹਾਸ਼ਮਪੁਰ, ਗੁਰਮੀਤ ਸਿੰਘ ਬਹਾਵਲਪੁਰ ਅਤੇ ਗਿਆਨੀ ਮਹਿੰਦਰ ਸਿੰਘ ਪਿੱਪਲ ਮੰਘੌਲੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਖੇਤਰ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀਆਂ ਸਿੰਜਾਈ ਸਹੂਲਤਾਂ ਦਿੱਤੀਆਂ ਜਾਣ।