ਰਵੇਲ ਸਿੰਘ ਭਿੰਡਰ
ਪਟਿਆਲਾ, 19 ਅਗਸਤ
ਪੋਲੈਂਡ ਵਿਖੇ ਹੋਈ ਵਿਸ਼ਵ ਜੂਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚੋਂ ਦੋ ਤਗਮੇ ਜਿੱਤਣ ਵਾਲੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪੁੱਜਣ ’ਤੇ ਸ਼ਾਨਦਾਰ ਸਵਾਗਤ ਤੇ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਅਗਵਾਈ ’ਚ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਗੁਰਦੁਆਰਾ ਦੁੂਖ ਨਿਵਾਰਨ ਸਾਹਿਬ ਤੋਂ ਪਰਨੀਤ ਕੌਰ, ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ, ਮਾਪਿਆਂ ਅਵਤਾਰ ਸਿੰਘ ਤੇ ਜਗਮੀਤ ਕੌਰ ਨੂੰ ਫੁੱਲਾਂ ਨਾਲ ਸਜੀ ਜਿਪਸੀ ’ਚ ਸਕੂਲ ਤੱਕ ਬੈਂਡ ਦੀਆਂ ਧੁੰਨਾਂ ਨਾਲ ਲਿਆਂਦਾ।
ਦੱਸਣਯੋਗ ਹੈ ਕਿ ਪਰਨੀਤ ਕੌਰ ਨੇ ਵਾਰਸਾ (ਪੋਲੈਂਡ) ’ਚ ਹੋਈ ਜੂਨੀਅਰ ਵਿਸ਼ਵ ਚੈਪੀਅਨਸ਼ਿਪ ਦੇ ਕੰਪਾਉਂਡ ਟੀਮ ਮੁਕਾਬਲੇ ’ਚ ਨਵੇਂ ਵਿਸ਼ਵ ਕੀਰਤੀਮਾਨ ਨਾਲ ਸੋਨ ਅਤੇ ਵਿਅਕਤੀਗਤ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ। ਸਕੂਲ ਪੁੱਜਣ ’ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਸੁਖਵਿੰਦਰ ਖੋਸਲਾ, ਜ਼ਿਲ੍ਹਾ ਖੇਡ ਅਫਸਰ ਸ਼ਾਸ਼ਵਤ ਰਾਜਦਾਨ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਵਾਗਤ ਕੀਤਾ। ਇਸ ਮੌਕੇ ਪਿ੍ੰਸੀਪਲ ਤੋਤਾ ਸਿੰਘ ਚਹਿਲ, ਮਹਿਮਾਨਾਂ ਤੇ ਅਧਿਆਪਕਾਂ ਵੱਲੋਂ ਪਰਨੀਤ ਕੌਰ ਦਾ 51 ਹਜ਼ਾਰ ਰੁਪਏ ਤੇ ਖੂਬਸੂਰਤ ਟਰਾਫੀ ਨਾਲ ਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਦਾ 51 ਸੌ ਰੁਪਏ ਤੇ ਸ਼ਾਲ ਨਾਲ ਸਨਮਾਨ ਕੀਤਾ। ਪਰਨੀਤ ਕੌਰ ਤੇ ਉਸ ਦੇ ਮਾਪਿਆਂ ਅਤੇ ਕੋਚ ਨੇ ਸਕੂਲ ਵੱਲੋਂ ਕੀਤੇ ਗਏ ਸ਼ਾਨਦਾਰ ਸਵਾਗਤ ਤੇ ਸਨਮਾਨ ਲਈ ਧੰਨਵਾਦ ਕੀਤਾ। ਕੋਚ ਸੁਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਉਹ ਮਲਟੀਪਰਪਜ਼ ਸਕੂਲ ’ਚ ਤੀਰਅੰਦਾਜ਼ੀ ਦੀ ਅਕੈਡਮੀ ਸਥਾਪਤ ਕਰਨ ’ਚ ਪੂਰਨ ਸਹਿਯੋਗ ਦੇਣਗੇ। ਡੀ.ਐਸ.ਓ. ਸ਼ਾਸ਼ਵਤ ਰਾਜਦਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਲਈ ਦਿਲ ਖੋਲ ਕੇ ਮਦਦ ਕੀਤੀ ਜਾ ਰਹੀ ਹੈ। ਜਿਸ ਦਾ ਸਕੂਲੀ ਵਿਦਿਆਰਥੀਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਇਸ ਮੌਕੇ ਪਰਨੀਤ ਕੌਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੜਾਈ ਦਾ ਨਾਲ-ਨਾਲ ਖੇਡਾਂ ’ਚ ਜ਼ਰੂਰ ਹਿੱਸਾ ਲੈਣ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।