ਪੱਤਰ ਪ੍ਰੇਰਕ
ਦੇਵੀਗੜ੍ਹ, 6 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਆਪਣੇ ਪੁੱਤਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ’ਚ ਦੇਵੀਗੜ੍ਹ, ਭੁਨਰਹੇੜੀ ਤੇ ਘੜਾਮ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਪਿਛਲੇ ਦਿਨੀਂ ਪਈ ਬੇਮੌਸਮੀ ਬਾਰਿਸ਼ ਕਾਰਨ ਖਰਾਬ ਹੋਈਆਂ ਫਸਲਾਂ ਤੇ ਸਬਜ਼ੀਆਂ ਦੇ ਹੋਏ ਖਰਾਬੇ ਲਈ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਘੱਟੋ ਘੱਟ 25 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਸਬਜ਼ੀਆਂ ਦੀ ਫਸਲ ਦੇ ਖਰਾਬੇ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਚੰਦੂਮਾਜਰਾ ਨੇ ਦੇਵੀਗੜ੍ਹ ਵਿੱਚ ਚੌਧਰੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ’ਚ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਨ੍ਹਾਂ ਚੋਣਾਂ ’ਚ ਹੀ ਕਾਂਗਰਸ ਦਾ ਭੋਗ ਪੈ ਜਾਵੇਗਾ। ਜਿਸ ਤਰ੍ਹਾਂ ਮਿਹਨਤੀ ਕਾਂਗਰਸੀ ਆਗੂ ਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ, ਉਸਤੋਂਂ ਇਹ ਸਾਫ਼ ਹੋ ਗਿਆ ਹੈ ਕਿ ਹਲਕੇ ’ਚ ਲੋਕ ਹੁਣ ਕਾਂਗਰਸ ਦਾ ਨਾਂ ਲੈਣਾ ਵੀ ਚੰਗਾ ਨਹੀਂ ਸਮਝਦੇ। ਕਾਂਗਰਸੀਆਂ ਦੀਆਂ ਵਧੀਕੀਆਂ ਦਾ ਜਵਾਬ ਹਲਕੇ ਦੇ ਲੋਕ ਵੋਟ ਦੀ ਚੋਟ ਨਾਲ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹੋ ਰਹੀ ਚੜ੍ਹਾਈ ਨੂੰ ਦੇਖ ਕੇ ਕਾਂਗਰਸੀਆਂ ਦੇ ਬੁੱਲ੍ਹਾਂ ’ਤੇ ਸਿਕਰੀ ਆਈ ਹੋਈ ਹੈ। ਲੋਕਾਂ ਵਲੋਂ ਕਾਂਗਰਸੀਆਂ ਨੂੰ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਪੁੱਛਣ ਨਾਲ ਕਾਂਗਰਸੀਆਂ ਦੀ ਹਾਲਤ ਵਾੜ ’ਚ ਫਸੇ ਬਿੱਲੇ ਵਾਲੀ ਹੋਈ ਪਈ ਹੈ। ਉਨ੍ਹਾਂ ‘ਆਪ’ ’ਤੇ ਨਿਸ਼ਾਨਾ ਲਗਾਉਂਦਿਆਂ ਆਖਿਆ ਕਿ ਕੇਜਰੀਵਾਲ ਦੀਆਂ ਝੂਠੀਆਂ ਗਰੰਟੀਆਂ ਦਾ ਲੋਕਾਂ ’ਤੇ ਕੋਈ ਅਸਰ ਨਹੀਂ ਹੈ।