ਖੇਤਰੀ ਪ੍ਰਤੀਨਿਧ
ਪਟਿਆਲਾ, 2 ਜਨਵਰੀ
ਇਥੇ ਮੁਲਾਜ਼ਮ ਫੰਰਟ ਦੇ ਸੂਬਾਈ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ, ਗੁਰਚਰਨ ਸਿੰਘ ਕੌਲੀ ਤੇ ਜ਼ਿਲ੍ਹਾ ਪ੍ਰਧਾਨ ਬਾਬਾ ਅਮਨਿੰਦਰ ਸਿੰਘ ਨੇ ਕਿਹਾ ਕਿ ਚੰਨੀ ਸਰਕਾਰ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ’ਚ ਫੇਲ੍ਹ ਸਾਬਤ ਹੋਈ ਹੈ। ਮੀਟਿੰਗ ਮਗਰੋਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ, ਜਿਸ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਧਰਨੇ ਮੁਜ਼ਾਹਰੇ ਅਤੇ ਪ੍ਰਦਰਸ਼ਨ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇੱਕ-ਇੱਕ ਦਿਨ ਕਰ ਕੇ ਟਾਈਮ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਧਰਨੇ ਮੁਜ਼ਾਹਰਿਆਂ ਤੋਂ ਖਹਿੜਾ ਛੁਡਾਉਣ ਲਈ ਮੰਗਾਂ ਦੀ ਪੂਰਤੀ ਦਾਆਵਾ ਕਰ ਦਿੱਤਾ ਜਾਂਦਾ ਹੈ ਪਰ ਮਗਰੋਂ ਵਾਅਦਾਖ਼ਿਲਾਫ਼ੀ ਕੀਤੀ ਜਾਂਦੀ ਹੈ। ਜਿਸ ਕਰਕੇ ਮੁਲਾਜ਼ਮ ਵਰਗ ’ਚ ਰੋਸ ਹੈ। ਮੀਟਿੰਗ ਦੀ ਕਾਰਵਾਈ ਕਰਦਿਆਂ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਮੁੱਖ ਮੰਤਰੀ ਚੰਨੀ ਨੂੰ ਤਾਂ ਸਿਰਫ਼ ਐਲਾਨ ਕਰਨ ਲਈ ਹੀ ਬਣਾਇਆ ਗਿਆ ਹੈ। ਕਿਉਂਕਿ ਅਨੇਕਾਂ ਹੀ ਕੀਤੇ ਗਏ ਐਲਾਨਨਾਮੇ ਅਜੇ ਤੱਕ ਵੀ ਵਫ਼ਾ ਨਹੀਂ ਹੋਏੇ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕਾਰਵਾਈ ਵੀ ਭਾਵੇਂ ਕਿ ਮੁਲਾਜ਼ਮਾਂ ਦੇ ਮੁਤਾਬਕ ਨਹੀਂ ਹੋਈ, ਪਰ ਉਹ ਵੀ ਸਿਰੇ ਨਹੀਂ ਚੜ੍ਹੀ। ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਤਾਂ ਕਰ ਦਿੱਤਾ ਹੇ ਪਰ ਅਜੇ ਤੱਕ ਵੀ ਕਚੇ ਮੁਲਾਜ਼ਮ ਪੱਕੇ ਨਹੀਂ ਕੀਤੇ।