ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 5 ਜੁਲਾਈ
ਭਾਜਪਾ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਨਿੱਤ ਦਿਨ ਆਵਾਰਾ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਕਾਰਨ ਅਜਾਈਂ ਜਾ ਰਹੀਆਂ ਜਾਨਾਂ ਦਾ ਮਾਮਲਾ ਸੂਬਾ ਸਰਕਾਰ ਕੋਲ ਚੁੱਕਿਆ ਹੈ।
ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਨੇ ਸੂਬੇ ਦੇ ਮੁੱਖ ਮੰਤਰੀ, ਪ੍ਰਮੁੱਖ ਸਕੱਤਰ ਪੰਜਾਬ, ਡੀ.ਜੀ.ਪੀ. ਪੰਜਾਬ ਸਣੇ ਸਮੁੱਚੇ ਡਿਪਟੀ ਕਮਿਸ਼ਨਰਾਂ ਅਤੇ ਸਮੂਹ ਐਸਐਸਪੀਜ਼ ਨੂੰ ਇਕ ਪੱਤਰ ਲਿਖ ਕੇ ਸਰਕਾਰ ਦੇ ਧਿਆਨ ਵਿਚ ਇਹ ਮੁੱਦਾ ਲਿਆਂਦਾ ਹੈ ਕਿ ਸਰਕਾਰ ਭਾਵੇਂ ਸੂਬਾ ਸਰਕਾਰ ਹੋਵੇ ਜਾਂ ਕੇਂਦਰ ਜਦੋਂ ਉਹ ਲੋਕਾਂ ਤੋਂ ਗਊ ਸੈੱਸ ਦੇ ਨਾਂ ’ਤੇ ਟੈਕਸ ਵਸੂਲ ਕਰਦੀ ਹੈ ਤਾਂ ਇਨ੍ਹਾਂ ਦੀ ਸੰਭਾਲ ਸਿਰਫ਼ ਕਾਗਜ਼ਾਂ ਤੱਕ ਹੀ ਕਿਉਂ ਸੀਮਤ ਹੈ। ਉਨ੍ਹਾਂ ਆਖਿਆ ਕਿ ਕਰੋੜਾਂ ਰੁਪਏ ਟੈਕਸ ਦੇ ਰੂਪ ਵਿਚ ਗਊ ਸੈੱਸ ਦੇ ਨਾਂ ’ਤੇ ਵਸੂਲੇ ਜਾਂਦੇ ਹਨ, ਇਸ ਦੇ ਬਾਵਜੂਦ ਆਵਾਰਾ ਪਸ਼ੂ ਸੜਕਾਂ ’ਤੇ ਘੁੰਮਣ ਲਈ ਮਜਬੂਰ ਹਨ।
ਉਨ੍ਹਾਂ ਨੇ ਆਰਟੀਆਈ ਰਾਹੀਂ ਪੰਜਾਬ ਦੇ ਪ੍ਰਮੁੱਖ ਸਕੱਤਰ ਤੋਂ ਗਊ ਸੈੱਸ ਇਕੱਤਰ ਖ਼ਰਚ ਸਬੰਧੀ ਜਾਣਕਾਰੀ ਮੰਗੀ ਹੈ। ਸ੍ਰੀ ਢਿੱਲੋਂ ਨੇ ਸਰਕਾਰ ਅਪੀਲ ਕੀਤੀ ਕਿ ਉਹ ਸੂਬੇ ਦੇ ਲੋਕਾਂ ਤੋਂ ਇਕੱਤਰ ਗਊ ਸੈੱਸ ਨਾਲ ਇਹ ਯਕੀਨੀ ਬਣਾਵੇ ਕਿ ਸੜਕਾਂ ’ਤੇ ਆਵਾਰਾ ਪਸ਼ੂ ਬਿਲਕੁਲ ਵੀ ਨਾ ਦਿਸਣ ਅਤੇ ਉਨ੍ਹਾਂ ਦੀ ਢੁਕਵੀਂ ਦੇਖਭਾਲ ਕਰਦਿਆਂ ਹਰ ਪਸ਼ੂ ਨੂੰ ਗਊਸ਼ਾਲਾਵਾਂ ਅੰਦਰ ਰੱਖ ਕੇ ਸੰਭਾਲ ਕੀਤੀ ਜਾਵੇ।