ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਸਤੰਬਰ
ਅਨਾਜ ਮੰਡੀ ਦੀ ਘਾਟ ਨਾਲ ਪਹਿਲਾਂ ਤੋਂ ਹੀ ਜੂਝਦੇ ਕਿਸਾਨਾਂ ਅਤੇ ਆੜ੍ਹਤੀਆਂ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਰਕੀਟ ਕਮੇਟੀ ਪਾਤੜਾਂ ਵੱਲੋਂ ਜਾਰੀ ਕੀਤਾ ਨਵਾਂ ਫ਼ਰਮਾਨ ਸਿਰਦਰਦੀ ਬਣ ਰਿਹਾ ਹੈ। ਅਨਾਜ ਮੰਡੀ ਪਾਤੜਾਂ ਦਾ ਫੜ੍ਹ ਛੋਟਾ ਅਤੇ ਮੰਡੀ ਵਿੱਚ ਝੋਨੇ ਦੀ ਆਮਦ ਜ਼ਿਆਦਾ ਹੋਣ ਕਰਕੇ ਪਿਛਲੇ ਕਈ ਸਾਲਾਂ ਤੋਂ ਮਾਰਕੀਟ ਕਮੇਟੀ ਪਾਤੜਾਂ ਵੱਲੋਂ ਸ਼ੈਲਰਾਂ ਦੇ ਕੁੱਝ ਫੜ੍ਹਾਂ ਨੂੰ ਆਰਜ਼ੀ ਫੜ੍ਹਾਂ ਵਜੋਂ ਵਰਤਿਆ ਜਾ ਰਿਹਾ ਸੀ। ਇਸ ਵਾਰ ਫੂਡ ਸਪਲਾਈ ਵਿਭਾਗ ਦੀਆਂ ਹਦਾਇਤਾਂ ’ਤੇ ਮਾਰਕੀਟ ਕਮੇਟੀ ਪਾਤੜਾਂ ਨੇ ਲਿਖਤੀ ਪੱਤਰ ਜਾਰੀ ਕਰਕੇ ਸ਼ੈੱਲਰਾਂ ਦੇ ਫੜ੍ਹਾਂ ਨੂੰ ਵਰਤਣ ਦੀ ਮਨਾਹੀ ਕੀਤੀ ਹੈ। ਇਨ੍ਹਾਂ ਹੁਕਮਾਂ ਖ਼ਿਲਾਫ਼ ਆੜ੍ਹਤੀ ਐਸੋਸੀਏਸ਼ਨ ਦੇ ਵਫਦ ਨੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਮਿਲ ਕੇ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਗਈ ।ਆੜ੍ਹਤੀ ਐਸੋਸੀਏਸ਼ਨ ਪਾਤੜਾਂ ਦੇ ਆਗੂਆਂ ਨੇ ਵਿਧਾਇਕ ਨੂੰ ਮਿਲਣ ਉਪਰੰਤ ਦੱਸਿਆ ਕਿ ਜੇ ਆਰਜ਼ੀ ਫੜ੍ਹਾਂ ਨੂੰ ਵਰਤਣ ਦੀ ਮਨਾਹੀ ਲਾਗੂ ਰਹੀ ਤਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਸੜਕਾਂ ’ਤੇ ਰੁਲੇਗੀ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਸ਼ਹਿਰ ਵਿਚ ਨਵੀਂ ਅਨਾਜ ਮੰਡੀ ਨਹੀਂ ਬਣ ਜਾਂਦੀ ਤੇ ਉਦੋਂ ਤੱਕ ਸ਼ੈੱਲਰਾਂ ਵਿੱਚ ਬਣੇ ਆਰਜ਼ੀ ਫੜ੍ਹਾਂ ਨੂੰ ਪੱਕੇ ਸਬ ਯਾਰਡ ਘੋਸ਼ਿਤ ਕੀਤਾ ਜਾਵੇ। ਇਸ ਮੌਕੇ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਸੁਖਬੀਰ ਸਿੰਘ ਮੌਲਵੀਵਾਲਾ ਅਤੇ ਜਨਰਲ ਸਕੱਤਰ ਤੇਜਪਾਲ ਸ਼ਰਮਾ ਨਗਰ ਕੌਂਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ, ਆੜ੍ਹਤੀ ਆਗੂ ਸੁਰਿੰਦਰ ਕੁਮਾਰ ਪੈਂਦ, ਕੇਵਲ ਸ਼ਰਮਾ ਹਾਜ਼ਰ ਸਨ।
ਆੜ੍ਹਤੀਆਂ ਦੀ ਮੰਗ ’ਤੇ ਮੰਡੀ ਬੋਰਡ ਨੂੰ ਪੱਤਰ ਭੇਜਿਆ: ਸਕੱਤਰ
ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸ਼ੈੱਲਰਾਂ ਦੇ ਫੜ੍ਹਾਂ ਨੂੰ ਸਬ ਯਾਰਡ ਨਾ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਾਤੜਾਂ ਅਨਾਜ ਮੰਡੀ ਵਿੱਚ ਫੜ੍ਹਾਂ ਦੀ ਘਾਟ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਸ ਲਈ ਆੜ੍ਹਤੀਆਂ ਵੱਲੋਂ ਸ਼ੈਲਰਾਂ ਦੇ ਫੜ੍ਹਾਂ ਨੂੰ ਸਬ ਯਾਰਡ ਬਣਾਉਣ ਦੀ ਕੀਤੀ ਮੰਗ ਤਹਿਤ ਮੰਡੀ ਬੋਰਡ ਨੂੰ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਮੰਡੀ ਬੋਰਡ ਜੋ ਫ਼ੈਸਲਾ ਲਵੇਗਾ ਉਸ ਅਨੁਸਾਰ ਕੰਮ ਕੀਤਾ ਜਾਵੇਗਾ।