ਪੱਤਰ ਪ੍ਰੇਰਕ
ਪਟਿਆਲਾ, 3 ਸਤੰਬਰ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨਾਲ ਅੱਜ ਸਰਕਟ ਹਾਊਸ ਵਿਚ ਮੁਲਾਕਾਤ ਦੌਰਾਨ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਦੇ ਤਿੰਨ ਹਸਪਤਾਲਾਂ ਦਾ ਹਾਲ ਬਿਆਨ ਕੀਤਾ। ਇਸ ਦੌਰਾਨ ਸਿਹਤ ਮੰਤਰੀ ਜੌੜੇਮਾਜਰਾ ਨੇ ਪਟਿਆਲਾ ਦੇ ਤਿੰਨਾਂ ਹਸਪਤਾਲਾਂ ਦੀ ਕਾਇਆਕਲਪ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਰਾਜਿੰਦਰਾ ਹਸਪਤਾਲ ’ਚ ਪੀਜੀਆਈ ਵਰਗੀਆਂ ਸਹੂਲਤਾਂ ਲਿਆਉਣ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਿਹਤ ਮੰਤਰੀ ਨੂੰ ਕਿਹਾ ਕਿ ਪੰਜਾਬ ਦਾ ਇੱਕੋ ਇਕ ਆਯੁਰਵੈਦਿਕ ਕਾਲਜ ਤੇ ਹਸਪਤਾਲ ਇਸ ਵੇਲੇ ਆਖ਼ਰੀ ਸਾਹਾਂ ’ਤੇ ਹੈ। ਇਸੇ ਤਰ੍ਹਾਂ ਵਿਧਾਇਕ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਵੱਡ ਅਕਾਰੀ ਇਮਾਰਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਦਿਲ ਦੇ ਰੋਗਾਂ ਦਾ ਵਿਸ਼ੇਸ਼ ਵਿੰਗ ਹੈ ਜਿੱਥੇ ਐੱਨਜੀਓਗ੍ਰਾਫੀ ਵਰਗੀਆਂ ਮਸ਼ੀਨਾਂ ਲਿਆ ਕੇ ਆਮ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਦੀ ਲੋੜ ਹੈ। ਇਸੇ ਤਰ੍ਹਾਂ ਅਜੀਤਪਾਲ ਸਿੰਘ ਕੋਹਲੀ ਨੇ ਮਾਤਾ ਕੁਸ਼ੱਲਿਆ ਹਸਪਤਾਲ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਚੰਗੀਆਂ ਸਹੂਲਤਾਂ ਦੀ ਘਾਟ ਹੈ, ਬੇਸ਼ੱਕ ਇੱਥੇ ਗਾਇਨੀ ਰੋਗੀਆਂ ਦਾ ਇਲਾਜ ਹੁੰਦਾ ਹੈ ਪਰ ਇਸ ਵੱਲ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਸਿਹਤ ਮੰਤਰੀ ਜੌੜੇਮਾਜਰਾ ਨੇ ਕਿਹਾ ਕਿ ਪਟਿਆਲਾ ਦੇ ਇਨ੍ਹਾਂ ਹਸਪਤਾਲਾਂ ਬਾਰੇ ਪ੍ਰਪੋਜ਼ਲ ਬਣ ਰਿਹਾ ਹੈ ਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।