ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 2 ਅਗਸਤ
ਪਟਿਆਲਾ ਜ਼ਿਲ੍ਹਾ ਅਕਾਲੀ ਦਲ (ਦਿਹਾਤੀ) ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਅੱਜ ਇਥੇ ਦੋਸ਼ ਲਗਾਇਆ ਕਿ ਸ਼ਰਾਬ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਬਜਾਏ ਕਾਂਗਰਸ ਸਰਕਾਰ ਉਨ੍ਹਾਂ ਨੂੰ ਛੁਪਾਉਣ ਵਿੱਚ ਲੱਗੀ ਰਹੀ ਜਿਸ ਕਾਰਨ ਪੰਜਾਬ ਵਿਚ 86 ਦੇ ਕਰੀਬ ਜਾਨਾਂ ਗਈਆਂ ਹਨ ਤੇ ਕਈ ਲੋਕਾਂ ਦੀ ਹਾਲਤ ਗੰਭੀਰ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਇਸ ਕਾਂਡ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਤਾਂ ਅਸਲ ਸਥਿਤੀ ਸਭ ਦੇ ਸਾਹਮਣੇ ਆ ਸਕੇ। ਸ੍ਰੀ ਰੱਖੜਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਜ਼ਿਲੇ ਵੱਲ ਝਾਤੀ ਮਾਰਨ ਤੇ ਦੇਖਣ ਕਿ ਪਟਿਆਲਾ ਅੱਜ ਨਜਾਇਜ਼ ਸ਼ਰਾਬ ਦੀ ਜਕੜ ਵਿਚ ਹੈ। ਪੁਲੀਸ ਰਾਜਪੁਰਾ ਤੇ ਘਨੌਰ ਤੋਂ ਹਜ਼ਾਰਾਂ ਲੀਟਰ ਸ਼ਰਾਬ ਫੜੀ ਦਿਖਾ ਰਹੀ ਹੈ ਜਦੋਂ ਕਿ ਬਾਕੀ ਸਾਰੇ ਜ਼ਿਲ੍ਹੇ ਦੇ ਹਲਕਿਆਂ ਵਿਚ ਸਰਾਬ ਦਾ ਧੰਦਾ ਜ਼ੋਰਾਂ ਨਾਲ ਜਾਰੀ ਹੈ। ਇਸ ਮੋਕੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਕਲਿਆਣ, ਸਤਵਿੰਦਰ ਸਿੰਘ ਟੌਹੜਾ, ਸਾਬਕਾ ਕੌਂਸਲਰ ਜਸਪਾਲ ਸਿੰਘ ਬਿੱਟੂ ਚੱਠਾ, ਮਾਲਵਿੰਦਰ ਸਿੰਘ ਝਿੱਲ, ਹਰਵਿੰਦਰ ਸਿੰਘ ਬੁੱਬੂ, ਰਾਜਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਪੰਮਾ, ਭੁਪਿੰਦਰ ਸਿੰਘ ਡਕਾਲਾ ਤੇ ਹੋਰ ਪਤਵੰਤੇ ਹਾਜ਼ਰ ਸਨ।
ਰੋਸ ਪ੍ਰਦਰਸ਼ਨ 6 ਨੂੰ
ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਦੀ ਦਲਿਤ ਭਾਈਚਾਰਾ-ਵਿਰੋਧੀ ਨੀਤੀਆਂ ਤੇ ਸ਼ਰਾਬ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਰਗੇ ਮਾਮਲਿਆਂ ਨੂੰ ਲੈ ਕੇ 6 ਅਗਸਤ ਨੂੰ ਪਟਿਆਲਾ ਜ਼ਿਲੇ ਦੇ ਹਰੇਕ ਹਲਕੇ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਿਸ ਸਬੰਧੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।