ਖੇਤਰੀ ਪ੍ਰਤੀਨਿਧ
ਸਨੌਰ (ਪਟਿਆਲਾ), 27 ਜੁਲਾਈ
‘ਆਪ’ ਸਰਕਾਰ ਵੱਲੋਂ ਕਲੀਨਿਕ ਦੇ ਨਾਂ ’ਤੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦੇ ਦੋਸ਼ ਲਾਉਂਦਿਆਂ, ਹਲਕਾ ਸਨੌਰ ਦੇ ਕਈ ਕਾਂਗਰਸੀ ਕਾਰਕੁਨਾਂ ਨੇ ਹਲਕਾ ਸਨੌਰ ਤੋਂ ਕਾਂਗਰਸ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਦੀ ਅਗਵਾਈ ਹੇਠਾਂ ਅੱਜ ਸਨੌਰ ਸਥਿਤ ਡਿਸਪੈਂਸਰੀ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਰਕਾਰ ਖ਼ਿਲਾਫ਼ ਖੂਬ ਪਿੱਟ ਸਿਆਪਾ ਵੀ ਕੀਤਾ ਗਿਆ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਕੱਟੜਸਮਰਥਕ ਸ਼ੈਰੀ ਰਿਆੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਲੀਨਿਕ ਦੇ ਨਾਂ ’ਤੇ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਕਿਉਂਕਿ ਪਹਿਲਾਂ ਤੋਂ ਹੀ ਬਣੀਆਂ ਇਮਾਰਤਾਂ ’ਤੇ ਐਵੇਂ ਵੱਡੇ ਪੱਧਰ ’ਤੇ ਫਜ਼ੂਲ ਖਰਚੀ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਤੋਂ ਸਥਾਪਿਤ ਹਸਪਾਤਲਾਂ ਅਤੇ ਡਿਸਪੈਂਸਰੀਆਂ ਦੀ ਦੁਰਦਸ਼ਾ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਰਕਾਰ ਨੂੰ ਪਹਿਲਾਂ ਤੋਂ ਉਸਾਰੀ ਤੇ ਹੁਣ ਖੰਡਰ ਬਣ ਚੁੱਕੀ ਸਿਵਲ ਹਸਪਤਾਲ ਸਨੌਰ ਦੀ ਬਿਲਡਿੰਗ ਵੱਲ ਧਿਆਨ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਇਸ ਡਿਸਪੈਂਸਰੀ ਨੂੰ ਅਪਗ੍ਰੇਡ ਕਰਕੇ ਸਿਵਲ ਹਸਪਤਾਲ ਦਾ ਦਰਜਾ ਦਿੱਤਾ ਜਾਵੇ, ਪਰ ਸਰਕਾਰ ਇਸ ਨੂੰ ਡਿਸਪੈਂਸਰੀ ਵਜੋਂ ਵੀ ਪ੍ਰਫੁੱਲਤ ਨਹੀਂ ਕਰ ਰਹੀ। ਇਸ ਡਿਸਪੈਂਸਰੀ ਦੇ ਆਲੇ ਦੁਆਲੇ ਦੇ ਕਈ ਪਿੰਡ ਪੈਂਦੇ ਹਨ ਪਰ ਐਮਰਜੈਂਸੀ ਸੇਵਾਵਾਂ ਨਾ ਹੋਣ ਕਾਰਨ ਲੋਕਾਂ ਨੂੰ ਪਟਿਆਲੇ ਜਾਣਾ ਪੈਂਦਾ ਹੈ। ਹਰ ਸਰਕਾਰ ਨੇ ਸਿਹਤ ਸੇਵਾਵਾਂ ਪੱਖੋਂ ਕਸਬਾ ਸਨੌਰ ਨੂੰ ਨਜ਼ਰਅੰਦਾਜ ਕੀਤਾ ਹੈ।