ਹਰਦੀਪ ਸਿੰਘ ਭੰਗੂ
ਭਾਦਸੋਂ, 5 ਅਕਤੂਬਰ
ਕੇਂਦਰ ਸਰਕਾਰ ਵੱਲੋਂ 27 ਸਤੰਬਰ ਤੋਂ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਹੁਕਮਾਂ ਤੋਂ ਬਾਅਦ ਅੱਜ ਵੀ ਮੰਡੀਆਂ ਵਿੱਚ ਖ਼ਰੀਦ ਪ੍ਰਬੰਧ ਅਧੂਰੇ ਜਾਪਦੇ ਹਨ। ਮਾਰਕੀਟ ਕਮੇਟੀ ਭਾਦਸੋਂ ਅਧੀਨ ਖ਼ਰੀਦ ਕੇਂਦਰ ਲੌਟ ਮੰਡੀ ਦਾ ਜਦੋਂ ਦੌਰਾ ਕੀਤਾ ਤਾਂ ਤਕਰੀਬਨ 5900 ਕੁਇੰਟਲ ਦੇ ਲਗਭਗ ਬੋਰੀ ਭਰ ਚੁੱਕੀ ਹੈ ਲਿਫਟਿੰਗ ਸਿੰਗਲ ਬੋਰੀ ਦੀ ਵੀ ਨਹੀਂ ਹੋਈ। ਇਸ ਨੂੰ ਲੈ ਕੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਝੋਨੇ ਦੀਆਂ ਬੋਰੀਆਂ ਦੇ ਲੱਗੇ ਅੰਬਾਰਾਂ ਅੱਗੇ ਸਰਕਾਰੀ ਦਾਅਵੇ ਬੇ-ਵੱਸ ਜਾਪਦੇ ਸਨ। ਲੌਟ ਮੰਡੀ ਦੇ ਵਿੱਚ ਲਿਫਟਿੰਗ ਨਾ ਹੋਣ ਬਾਰੇ ਜਦੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀਆਂ ਨੂੰ ਸ਼ੈੱਲਰਾਂ ਦੀ ਅਲਾਟਮੈਂਟ ਨਾ ਹੋਣ ਕਰ ਕੇ ਲਿਫਟਿੰਗ ਨਹੀਂ ਹੋ ਸਕੀ। ਸਰਕਾਰੀ ਬੋਲੀ ਸ਼ੁਰੂ ਕਰਵਾਉਣ ਦੇ ਪਹਿਲੇ ਦਿਨ ਹੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਕਿਸਾਨ ਅੰਨਦਾਤਾ ਹੈ, ਕਾਂਗਰਸ ਦੀ ਕੈਪਟਨ ਸਰਕਾਰ ਹਮੇਸ਼ਾਂ ਕਿਸਾਨ ਹਿਤੈਸ਼ੀ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਖ਼ਰੀਦ ਕੀਤੇ ਝੋਨੇ ਦੀ 48 ਘੰਟਿਆਂ ਵਿੱਚ ਅਦਾਇਗੀ ਕਰਨ ਅਤੇ ਲਿਫਟਿੰਗ ਨਾਲੋ-ਨਾਲ ਕਰਨ ਦਾ ਦਾਅਵਾ ਕੀਤਾ ਸੀ, ਪਰ ਮੰਡੀ ਵਿੱਚ ਬੋਰੀਆਂ ਭਰੀਆਂ ਨੂੰ ਅੱਜ ਤਕਰੀਬਨ 10 ਦਿਨ ਹੋ ਚੁੱਕੇ ਹਨ ਨਾ ਤਾਂ ਲਿਫਟਿੰਗ ਦਾ ਕੋਈ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਸਰਕਾਰ ਦੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਅਦਾਇਗੀ ਹੋ ਰਹੀ ਹੈ।