ਰਾਜਪੁਰਾ: ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਤੇ ਸੂਬਾ ਖ਼ਜ਼ਾਨਚੀ ਨੀਨਾ ਮਿੱਤਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸ਼ੈਲਰ ਇੰਡਸਟਰੀ ਨੂੰ ਲੀਹੋਂ ਲਾਹੁਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਸੂਬਾ ਸਰਕਾਰ ਮਿੱਲਰਾਂ ਨੂੰ ਢੁੱਕਵਾਂ ਬਾਰਦਾਨਾ ਵੀ ਮੁਹੱਈਆ ਨਹੀਂ ਕਰਵਾ ਰਹੀ ਹੈ। ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਚੌਲ ਉਦਯੋਗ ਦੀ ਬਹੁਤ ਮਾੜੀ ਹਾਲਤ ਹੈ। ਹੁਣ ਚੌਲ ਚੁੱਕਣ ਲਈ ਸਰਕਾਰ ਵੱਲੋਂ ਮਿੱਲਰਾਂ ਨੂੰ ਬਾਰਦਾਨਾ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ, ਸਗੋਂ ਇਸ ਦੇ ਉਲਟ ਮਿੱਲਰਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹੋ ਬਾਰਦਾਨਾ ਖ਼ੁਦ ਖ਼ਰੀਦ ਕੇ ਲਾਉਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮਿੱਲ ਮਾਲਕਾਂ ਵੱਲ ਧਿਆਨ ਨਾ ਦਿੱਤਾ ਅਤੇ ਸਮੇਂ ਸਿਰ ਬਾਰਦਾਨਾ ਮੁਹੱਈਆ ਨਾ ਕਰਵਾਇਆ ਤਾਂ ਉਹ ਮਿੱਲਰਾਂ ਨੂੰ ਲਾਮਬੰਦ ਕਰ ਕੇ ਵੱਡਾ ਸ਼ੰਘਰਸ ਵਿੱਢਣ ਲਈ ਮਜਬੂਰ ਹੋਣਗੇ।
-ਨਿੱਜੀ ਪੱਤਰ ਪ੍ਰੇਰਕ