ਪੱਤਰ ਪ੍ਰੇਰਕ
ਘਨੌਰ, 2 ਮਈ
ਖੇੜੀ ਗੰਡਿਆਂ ਦੇ ਪੁਲੀਸ ਨੇ ਇੱਕ ਵਿਅਕਤੀ ਦੀ ਕੁੱਟਮਾਰ ਕਰ ਕੇ ਧਮਕਾਉਣ ਦੇ ਦੋਸ਼ ਹੇਠ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਥਾਣਾ ਖੇੜੀ ਗੰਡਿਆਂ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਵਾਸੀ ਪਿੰਡ ਮੰਡੌਲੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਦੋ ਦਿਨ ਪਹਿਲਾਂ ਮੁੱਦਈ ਦੀ ਆਪਣੀ ਪਤਨੀ ਨਾਲ ਕਿਸੇ ਗੱਲ ਬਾਰੇ ਤਕਰਾਰ ਹੋ ਗਈ ਸੀ। ਇਸ ਤੋਂ ਬਾਅਦ ਮੁੱਦਈ ਦੀ ਪਤਨੀ ਨੇ ਫੋਨ ਕਰਕੇ ਆਪਣੇ ਭਰਾਵਾਂ ਗੋਬਿੰਦ ਸਿੰਘ, ਸੰਦੀਪ ਸਿੰਘ ਸਮੇਤ ਹੋਰਨਾਂ ਨੂੰ ਬੁਲਾ ਲਿਆ। ਇਨ੍ਹਾਂ ਨੇ ਆ ਕੇ ਮੁੱਦਈ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲੀਸ ਨੇ ਗੋਬਿੰਦ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ ਵਾਸੀਆਨ ਪਿੰਡ ਸਿਊਣਾ ਅਤੇ ਦੋ ਹੋਰਨਾਂ ਸਮੇਤ ਛੇ ਵਿਅਕਤੀਆਂ ਖਿਲਾਫ ਵੱਖ ਵੱਖ ਧਰਾਵਾਂ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।