ਹਰਜੀਤ ਸਿੰਘ
ਖਨੌਰੀ, 13 ਸਤੰਬਰ
ਬੀਤੀ ਰਾਤ ਸਥਾਨਕ ਵਾਰਡ ਨੰਬਰ 2 ਵਿੱਚ ਜੀਜੇ ਸਾਲੇ ਦਰਮਿਆਨ ਹੋਈ ਲੜਾਈ ਦੌਰਾਨ ਸਾਲੇ ਵੱਲੋਂ ਇੱਟ ਮਾਰ ਕੇ ਜੀਜੇ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਗੋਬਿੰਦ ਰਾਮ ਦੀ ਪਤਨੀ ਮਿੱਠੂ ਕੌਰ ਨੇ ਪੁਲੀਸ ਥਾਣਾ ਖਨੌਰੀ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੋਬਿੰਦ ਰਾਮ ਪੁੱਤਰ ਬਹਾਦਰ ਸਿੰਘ ਵਾਸੀ ਮਰੋੜੀ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਦਾ ਉਸ ਦੀ ਵੱਡੀ ਭੈਣ ਜੀਤ ਕੌਰ ਨਾਲ ਕਰੀਬ 12-13 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਨ੍ਹਾਂ ਦੀਆਂ ਦੋ ਲੜਕੀਆਂ ਪ੍ਰੀਤੀ (11) ਅਤੇ ਖੁੱਸੀ (9) ਹਨ ਅਤੇ ਉਸ ਦੀ ਭੈਣ ਦੀ ਮੌਤ ਮਗਰੋਂ ਕਰੀਬ 4 ਸਾਲ ਪਹਿਲਾਂ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਦਬਾਅ ਦੇਣ ’ਤੇ ਉਸ ਨੂੰ ਗੋਬਿੰਦ ਰਾਮ ਨਾਲ ਵਿਆਹ ਦਿੱਤਾ ਗਿਆ ਕਿ ਉਸ ਦੀ ਭੈਣ ਦੇ ਬੱਚੇ ਪਲ ਜਾਣਗੇ। ਮਿੱਠੂ ਕੌਰ ਦੇ ਦੱਸਣ ਅਨੁਸਾਰ ਗੋਬਿੰਦ ਰਾਮ ਰਾਜ ਮਿਸਤਰੀ ਦਾ ਕੰਮ ਕਰਦ ਸੀ ਅਤੇ ਅੱਜ ਕੱਲ੍ਹ ਉਹ ਵਾਰਡ ਨੰਬਰ 2 ਖਨੌਰੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸੀ। ਮਿੱਠੂ ਕੌਰ ਅਨੁਸਾਰ ਪਿਛਲੇ ਛੇ ਮਹੀਨਿਆਂ ਤੋਂ ਉਸ ਦਾ ਸਕਾ ਭਰਾ ਰਾਮਫਲ ਪੁੱਤਰ ਭਾਨ ਸਿੰਘ ਵਾਸੀ ਰਾਏਧਰਾਣਾ ਵੀ ਉਨ੍ਹਾਂ ਪਾਸ ਹੀ ਖਨੌਰੀ ਰਹਿੰਦਾ ਸੀ। ਬੀਤੀ ਰਾਤ ਕਰੀਬ ਸਵਾ ਕੁ 8 ਵੱਜੇ ਗੋਬਿੰਦ ਰਾਮ ਅਤੇ ਉਸ ਦੇ ਭਰਾ ਰਾਮਫਲ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਉਸ ਸਮੇਂ ਦੋਹਾਂ ਦੀ ਸ਼ਰਾਬ ਪੀਤੀ ਹੋਈ ਸੀ। ਇਸੇ ਦੌਰਾਨ ਉਸ ਦੇ ਭਰਾ ਰਾਮਫਲ ਨੇ ਇੱਟ ਚੁੱਕ ਕੇ ਗੋਬਿੰਦ ਰਾਮ ਦੇ ਸਿਰ ਵਿੱਚ ਮਾਰੀ ਅਤੇ ਉਹ ਸੜਕ ’ਤੇ ਡਿੱਗ ਗਿਆ ਅਤੇ ਉਸ ਦੇ ਸਿਰ ਵਿੱਚੋਂ ਖ਼ੂਨ ਨਿਕਲਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿੱਠੂ ਕੌਰ ਅਨੁਸਾਰ ਉਨ੍ਹਾਂ ਵੱਲੋਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਸਬੰਧੀ ਜਦੋਂ ਐਸ.ਐਚ.ਓ ਖਨੌਰੀ ਇੰਸਪੈਕਟਰ ਹਾਕਮ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਐਲੀਜੀਬਲ ਨਹੀਂ ਤੁਸੀਂ ਜੀ.ਓ. ਰੈਂਕ ਦੇ ਅਧਿਕਾਰੀ ਨਾਲ ਗੱਲ ਕਰੋ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਸਥਾਨਕ ਮੁੱਖ ਅਫ਼ਸਰ ਹੋ’ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਨੋਂ ਕੁਮੈਂਟ, ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰ ਸਕਦੇ ਹੋ। ਇਸ ਬਾਰੇ ਜਦੋਂ ਡੀਐੱਸਪੀ ਮੂਨਕ ਅਜੇਪਾਲ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸਾਲੇ-ਭਣਵੱਈਏ ਦੀ ਲੜਾਈ ਸੀ, ਸਾਲੇ ਵੱਲੋਂ ਇੱਟ ਮਾਰ ਕੇ ਆਪਣੇ ਹੀ ਭਣਵੱਈਏ ਦਾ ਕਤਲ ਕੀਤਾ ਗਿਆ ਹੈ ਇਸ ਸਬੰਧੀ ਥਾਣਾ ਖਨੌਰੀ ਵਿਖੇ ਦੋਸ਼ੀ ਦੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਬੀਤੀ ਰਾਤ ਹੀ ਮੌਕੇ ਵਾਰਦਾਤ ਤੋਂ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪਟਿਆਲਾ ਵਿੱਚ ਤੇਜ਼ਧਾਰ ਹਥਿਆਰ ਨਾਲ ਸਾਲੇ ਦਾ ਕਤਲ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸ਼ਰਾਬ ਪੀਣ ਮਗਰੋਂ ਹੋਈ ਬਹਿਸ ਦੌਰਾਨ ਸਾਲੇ ਨੇ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਥੇ ਸ਼ੇਰਾਂਵਾਲ਼ਾ ਗੇਟ ਖੇਤਰ ਦਾ ਵਸਨੀਕ 48 ਸਾਲਾ ਮ੍ਰਿਤਕ ਸਾਹਿਬ ਲਾਲ ਮੂਲ ਰੂਪ ’ਚ ਯੂ.ਪੀ ਦਾ ਵਸਨੀਕ ਸੀ। ਇਸ ਸਬੰਧੀ ਥਾਣਾ ਕੋਤਵਾਲੀ ਵਿੱਚ ਉਸ ਦੇ ਭਤੀਜੇ ਮੁਨੀਸ਼ ਕੁਮਾਰ ਹਾਲ ਵਾਸੀ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਲਾਲ ਬਹਾਦੁਰ ਦੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਹ ਇਥੇ ਆਪਣੇ ਚਾਚੇ ਦੇ ਸਾਹਿਬ ਲਾਲ ਦੇ ਕੋਲ਼ ਆਇਆ ਹੋਇਆ ਹੈ। ਇਸ ਦੌਰਾਨ ਹੀ ਰਾਤ ਨੂੰ ਉਨ੍ਹਾਂ ਦੇ ਕੋਲ਼ ਲਾਲ ਬਹਾਦਰ ਵੀ ਆ ਗਿਆ, ਜੋ ਉਸ ਦਾ ਫੁੱਫੜ ਲੱਗਦਾ ਹੈ। ਉਸ ਦਾ ਚਾਚਾ ਅਤੇ ਫੁੱਫੜ ਜਦੋਂ ਇਕੱਠੇ ਸ਼ਰਾਬ ਪੀ ਰਹੇ ਸਨ, ਤਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ’ਚ ਬਹਿਸ ਹੋ ਗਈ। ਪਰ ਉਸ ਨੇ ਦੋਹਾਂ ਨੂੰ ਸਮਝਾ ਦੇ ਲੜਨੋ ਹਟਾ ਦਿੱਤਾ। ਪਰ ਰਾਤ ਨੂੰ 12.30 ਵਜੇ ਉਸ ਨੇ ਚੀਕਾਂ ਸੁਣੀਆਂ, ਉੱਠ ਕੇ ਦੇਖਿਆ ਤਾਂ ਉਸ ਦਾ ਫੁੱਫੜ ਉਸ ਦੇ ਚਾਚੇ ਦੀ ਪੁੜਪੁੜੀ ’ਚ ਕਿਸੇ ਤਿੱਖੀ ਚੀਜ ਨਾਲ ਵਾਰ ਕਰ ਰਿਹਾ ਸੀ, ਜੋ ਉਸ ਨੂੰ ਵੇਖ ਕੇ ਫਰਾਰ ਹੋ ਗਿਆ। ਬਾਅਦ ’ਚ ਉਸ ਦੇ ਚਾਚੇ ਨੂੰ ਭਾਵੇਂ ਕਿ ਰਜਿੰਦਰਾ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਉਥੇ ਉਹ ਦਮ ਤੋੜ ਗਿਆ।