ਜੈਸਮੀਨ ਭਾਰਦਵਾਜ
ਨਾਭਾ, 13 ਸਤੰਬਰ
ਇਥੇ ਪੁਰਾਣੀ ਨਾਭੀ ਸਥਿਤ ਸ੍ਰੀ ਸੱਤ ਨਰਾਇਣ ਮੰਦਰ ਦੀ ਕਮੇਟੀ ਵੱਲੋਂ ਲੜਕੀਆਂ ਦੇ ਕੱਪੜਿਆਂ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਵਿੱਚ ਉਨ੍ਹਾਂ ਨੂੰ ਜੀਨ, ਟੀ-ਸ਼ਰਟ ਅਤੇ ਛੋਟੇ ਕੱਪੜੇ ਪਾ ਕੇ ਆਉਣ ਤੋਂ ਮਨ੍ਹਾ ਕੀਤਾ ਗਿਆ ਹੈ। ਮੰਦਰ ’ਚ ਲੱਗੇ ਬੈਨਰ ਵਿੱਚ ‘ਬੱਚਿਆਂ ਨੂੰ ਵੀ ਇਹੀ ਸੰਸਕਾਰ ਦੇਣ’ ਦੀ ਬੇਨਤੀ ਵੀ ਕੀਤੀ ਗਈ ਹੈ। ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਾਮ ਦੀ ਆਰਤੀ ਸਮੇਂ ਕੁਝ ਲੜਕੀਆਂ ਦੇ ਪਿੱਛੇ ਖੜ੍ਹੇ ਮੁੰਡਿਆਂ ਦੇ ਵਿਹਾਰ ਕਾਰਨ ਬਾਕੀ ਸ਼ਰਧਾਲੂਆਂ ਨੂੰ ਚੰਗਾ ਮਹਿਸੂਸ ਨਹੀਂ ਹੋ ਹੁੰਦਾ ਜਿਸ ਕਾਰਨ ਉਨ੍ਹਾਂ ਇਹ ਕਦਮ ਚੁੱਕਣਾ ਠੀਕ ਸਮਝਿਆ। ਉਨ੍ਹਾਂ ਕਿਹਾ ਕਿ ਅੱਜ ਸਵੇਰ ਤੋਂ ਕਈ ਮੰਦਰਾਂ ਵਿੱਚੋਂ ਉਸ ਨੂੰ ਸ਼ਲਾਘਾ ਦੇ ਫੋਨ ਆਏ ਕਿ ਇਹ ਵਧੀਆ ਸ਼ੁਰੂਆਤ ਕੀਤੀ ਗਈ ਹੈ।
ਹਾਲਾਂਕਿ ਲੜਕੀਆਂ ਅਤੇ ਮਹਿਲਾਵਾਂ ਵਿੱਚ ਇਸ ਮਾਮਲੇ ਉੱਪਰ ਰਲੀ-ਮਿਲੀ ਪ੍ਰਤੀਕਿਰਿਆ ਮਿਲੀ। ਦੋ ਧੀਆਂ ਦੀ ਮਾਤਾ ਅਤੇ ਸਰਕਾਰੀ ਸਕੂਲ ਅਧਿਆਪਕ ਸਨੇਹਦੀਪ ਸ਼ਰਮਾ ਨੇ ਇਸ ਨੂੰ ਪੀੜਤ ਨੂੰ ਦੋਸ਼ੀ ਠਹਿਰਾਉਣਾ ਦੱਸਿਆ। ਉਨ੍ਹਾਂ ਕਿਹਾ ਕਿ ਜੇ ਮੁੰਡੇ ਮੰਦਰ ’ਚ ਹੁੱਲੜਬਾਜ਼ੀ ਕਰ ਰਹੇ ਸਨ ਤਾਂ ਬੰਦਸ਼ ਉਨ੍ਹਾਂ ਖਾਸ ਮੁੰਡਿਆਂ ਉੱਪਰ ਲੱਗਣੀ ਚਾਹੀਦੀ ਹੈ ਅਤੇ ਇਸ ਨੂੰ ਸੰਕੀਰਨ ਸਮਾਜ ਵੱਲ ਜਾਂਦਾ ਰੁਝਾਨ ਦੱਸਿਆ। ਵਿਦਿਆਰਥੀ ਕ੍ਰਿਤੀਕਾ ਗੋਇਲ ਦਾ ਕਹਿਣਾ ਹੈ ਕਿ ਜਦੋਂ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਲੋਕ ਬਲਾਤਕਾਰ ਦੇ ਮਾਮਲਿਆਂ ਵਿੱਚ ਲੜਕੀਆਂ ਦੇ ਬਾਹਰ ਨਿਕਲਣ ਦੇ ਸਮੇਂ ਜਾਂ ਉਨ੍ਹਾਂ ਦੇ ਪਹਿਰਾਵੇ ਨੂੰ ਦੋਸ਼ੀ ਠਹਿਰਾਉਂਦੇ ਹਨ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਉਸ ਨੂੰ ਪ੍ਰੇਸ਼ਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ਉੱਪਰ ਕੋਈ ਵੀ ਫੈਸਲੇ ਲੈਣ ਤੋਂ ਪਹਿਲਾਂ ਮਹਿਲਾਵਾਂ ਨਾਲ ਵਿਚਾਰ ਚਰਚਾ ਕਰਨੀ ਚਾਹੀਦਾ ਹੈ।