ਪੱਤਰ ਪ੍ਰੇਰਕ
ਸਮਾਣਾ, 23 ਅਪਰੈਲ
ਰੋਪੜ ਨੇੜੇ ਪੰਜ ਦਿਨ ਪਹਿਲਾਂ ਭਾਖੜਾ ਨਹਿਰ ’ਚ ਡਿੱਗੀ ਕਾਰ ’ਚ ਸਵਾਰ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦੇ ਬਾਵਜੂਦ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੀਆਂ ਦੋ ਬੱਚੀਆਂ ਵਿੱਚੋਂ ਸਾਢੇ ਤਿੰਨ ਸਾਲ ਦੀ ਬੱਚੀ ਰੱਜਵੀਂ ਪੂਨੀਆ ਪੁੱਤਰੀ ਡਾ. ਸਤੀਸ਼ ਪੂਨੀਆ ਦੀ ਲਾਸ਼ ਸਮਾਣਾ ਤੋਂ ਲੰਘਦੀ ਭਾਖੜਾ ਨਹਿਰ ਦੇ ਚੀਕਾ ਪੁਲ ਨੇੜਿਉਂ ਬਰਾਮਦ ਹੋਈ। ਸਿਟੀ ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ। ਦੱਸਣਯੋਗ ਹੈ ਕਿ ਅਠਾਰਾਂ ਅਪਰੈਲ ਨੂੰ ਰੋਪੜ ਨੇੜੇ ਭਾਖੜਾ ਨਹਿਰ ਦੇ ਪੁਲ ਤੋਂ ਲੰਘ ਰਹੀ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਕਸਬਾ ਰਿੰਗਸ ਵਾਸੀ ਡਾ. ਸਤੀਸ਼ ਪੂਨੀਆ ਦੀ ਕਾਰ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਕੇ ਭਾਖੜਾ ਨਹਿਰ ’ਚ ਡਿੱਗ ਗਈ ਸੀ ਜਿਸ ਵਿਚ ਸੱਤ ਵਿਅਕਤੀ ਸਵਾਰ ਸਨ। ਇਨ੍ਹਾਂ ਵਿੱਚੋਂ ਪੰਜ ਸਾਲਾ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ। ਸਿਟੀ ਪੁਲੀਸ ਮੁਖੀ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਪੋਸਟ ਮਾਰਟਮ ਮਗਰੋਂ ਮ੍ਰਿਤਕ ਬੱਚੀ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ।