ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਅਕਤੂਬਰ
ਸ਼ਹਿਰ ਦੀ ਰਹਿਣ ਵਾਲੀ ਵੀਹ ਸਾਲਾ ਲੜਕੀ ਨੇ ਰਿਸ਼ਤੇਦਾਰ ਲੜਕੇ ਵੱਲੋਂ ਮੋਬਾਈਲ ’ਤੇ ਫੋਟੋ ਖਿੱਚ ਕੇ ਕਿਸੇ ਨੂੰ ਭੇਜਣ ਦੇ ਮਾਮਲੇ ’ਚ ਭਾਖੜਾ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਮਾਂ ਦੇ ਬਿਆਨਾਂ ’ਤੇ ਪੁਲੀਸ ਨੇ ਦੋ ਔਰਤਾਂ ਸਣੇ ਚਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਲੜਕੀ ਦੀ ਮਾਂ ਪਾਸ਼ੋ ਦੇਵੀ ਵਾਸੀ ਐੱਸਐੱਸ ਨਗਰ ਨਰਵਾਣਾ ਰੋਡ ਪਾਤੜਾਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸਦੀ ਭੂਆ ਦੇ ਪੋਤੇ ਮੰਗਤੂ ਨੇ ਪੰਜ ਦਿਨ ਪਹਿਲਾਂ ਦੋਸਤ ਸਤਪਾਲ ਸਿੰਘ ਦੇ ਮੋਬਾਈਲ ’ਤੇ ਲੜਕੀ ਦੀ ਫੋਟੋ ਭੇਜ ਦਿੱਤੀ ਸੀ, ਜੋ ਫੋਟੋ ਸਤਪਾਲ ਸਿੰਘ ਦੀ ਪਤਨੀ ਅਮਨ ਨੇ ਦੇਖ ਲਈ, ਜਿਸ ਕਰਕੇ ਉਨ੍ਹਾਂ ਦੇ ਘਰ ਕਲੇਸ਼ ਹੋ ਗਿਆ ਤੇ ਬਾਅਦ ’ਚ ਮੰਗਤੂ ਰਾਮ, ਉਸਨੂੰ ਤੇ ਉਸਦੀ ਲੜਕੀ ਨੂੰ ਸਤਪਾਲ ਸਿੰਘ ਦੇ ਘਰ ਲੈ ਗਿਆ, ਜਦੋਂ ਉਨ੍ਹਾਂ ਫੋਟੇ ਬਾਰੇ ਪੁੱਛਿਆ ਤਾ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਦਿਖਾਉਣ ਲਈ ਕਿਹਾ ਤਾ ਸਤਪਾਲ ਸਿੰਘ ਦੀ ਮਾਤਾ ਨੈਬੋ ਨੇ ਸਤਪਾਲ ਸਿੰਘ ਦਾ ਮੋਬਾਈਲ ਤੋੜ ਦਿੱਤਾ। 4 ਅਕਤੂਬਰ ਨੂੰ ਮ੍ਰਿਤਕਾ ਦੀ ਮਾਂ ਨੂੰ ਫੋਨ ਆਇਆ ਕਿ ਮੰਗਤੂ ਰਾਮ ਵੱਲੋਂ ਭੇਜੀ ਫੋਟੋ ਕਾਰਨ ਉਸਦੀ ਬਦਨਾਮੀ ਹੋਈ ਹੈ, ਜਿਸ ਕਾਰਨ ਉਹ ਭਾਖੜਾ ਨਹਿਰ ’ਚ ਛਾਲ ਮਾਰ ਰਹੀ ਹੈ, ਜਦੋਂ ਉਹ ਆਪਣੇ ਲੜਕੇ ਨਾਲ ਭਾਲ ਕੀਤੀ ਤਾਂ ਲਾਸ਼ ਪਿੰਡ ਜੋਗੇਵਾਲ ਕੋਲ ਭਾਖੜਾ ਵਿੱਚੋਂ ਮਿਲੀ।