ਬਹਾਦਰ ਸਿੰਘ ਮਰਦਾਂਪੁਰ
ਘਨੌਰ, 13 ਜੂਨ
ਇੱਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਸਟਾਫ ਦੀ ਘਾਟ ਕਾਰਨ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਜਾਣਕਾਰੀ ਅਨੁਸਾਰ ਘਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ 10 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਕੇ 30 ਤੋਂ 50 ਬਿਸਤਰਿਆਂ ਦਾ ਹਸਪਤਾਲ ਬਣਾਉਣ ਅਤੇ ਇਸ ਦੇ ਨਵੀਨੀਕਰਨ ਲਈ 28 ਫਰਵਰੀ 2021 ਨੂੰ ਤਤਕਾਲੀ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ। ਉਸੇ ਦਿਨ ਤੋਂ ਇਸ ਹਸਪਤਾਲ ਦਾ ਅਪਰੇਸ਼ਨ ਥੀਏਟਰ ਬੰਦ ਹੈ। ਇਸ ਦੇ ਨਵੀਨੀਕਰਨ ਦਾ ਕੰਮ 31 ਮਾਰਚ 2022 ਤੱਕ ਮੁਕੰਮਲ ਹੋ ਜਾਣ ਦਾ ਦਾਅਵਾ ਕੀਤਾ ਗਿਆ ਸੀ ਪਰ ਇਸ ਦੀ ਉਸਾਰੀ ਅਜੇ ਵੀ ਕਈ ਮਹੀਨੇ ਤੱਕ ਲਮਕਣ ਦੀ ਸੰਭਾਵਨਾ ਹੈ। ਰੋਜ਼ਾਨਾ ਕਰੀਬ 350 ਮਰੀਜ਼ਾਂ ਦੀ ਓ.ਪੀ.ਡੀ ਵਾਲੇ ਇਸ ਹਸਪਤਾਲ ਨੂੰ ਸਟਾਫ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਇੱਥੇ ਫਰਮਾਸਿਸਟ ਦੀਆਂ ਤਿੰਨੋਂ ਅਸਾਮੀਆਂ ਖਾਲੀ ਪਈਆਂ ਹਨ। ਸਟਾਫ ਨਰਸਾਂ ਦੀਆਂ 8 ਵਿੱਚੋਂ 4 ਅਸਾਮੀਆਂ ਖਾਲੀ ਹਨ। ਅਲਟਰਾਸਾਊਂਡ ਅਤੇ ਐਕਸਰੇ ਮਸ਼ੀਨ ਹੋਣ ਦੇ ਬਾਵਜੂਦ ਰੇਡੀਓਲੋਜਿਸਟ ਨਾ ਹੋਣ ਕਾਰਨ ਇਹ ਮਸ਼ੀਨਾਂ ਧੂੜ ਫੱਕ ਰਹੀਆਂ ਹਨ। ਇੱਥੇ ਕੋਈ ਕੰਪਿਊਟਰ ਅਪਰੇਟਰ ਨਹੀਂ। ਸਫਾਈ ਸੇਵਕਾਂ ਦੀਆਂ ਤਿੰਨ ਅਸਾਮੀਆਂ ਵਿੱਚੋਂ ਸਾਰੀ ਹੀ ਖਾਲੀ ਪਈਆਂ ਹਨ ਜਿਸ ਕਾਰਨ ਇੱਥੋਂ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਪੁੱਜਦੇ ਲੋਕਾਂ ਨੂੰ ਖੱਜਲ ਖੁਆਰ ਹੋ ਕੇ ਪਰਤਣਾ ਪੈਂਦਾ ਹੈ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੀ ਉਸਾਰੀ ਤੁਰੰਤ ਮੁਕਮੰਲ ਕਰਵਾ ਕੇ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ। ਇਸ ਸਬੰਧੀ ਸਿਵਲ ਸਰਜਨ ਡਾ. ਧੀਰ ਰਾਜੂ ਦਾ ਕਹਿਣਾ ਹੈ ਕਿ ਘਨੌਰ ਹਸਪਤਾਲ ਵਿੱਚ ਜਲਦੀ ਹੀ ਸਟਾਫ ਦੀ ਘਾਟ ਦੂਰ ਕਰ ਦਿੱਤੀ ਜਾਵੇਗੀ। ਇਸ ਬਾਰੇ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ।