ਪੱਤਰ ਪ੍ਰੇਰਕ
ਘਨੌਰ, 30 ਮਈ
ਰਾਜ ਦੇ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕੀਤੇ ਗਏ ਕਾਇਆ-ਕਲਪ (ਸਵੱਛ ਭਾਰਤ ਮੁਹਿੰਮ) ਪ੍ਰੋਗਰਾਮ ਦੌਰਾਨ ਰਾਜ ਭਰ ਦੇ ਚਾਰ ਦਰਜਨ ਤੋਂ ਵੱਧ ਸਰਕਾਰੀ ਹਸਪਤਾਲਾਂ ਦੇ ਕਰਵਾਏ ਗਏ ਮੁਕਾਬਲੇ ਵਿੱਚ ਕਮਿਊਨਿਟੀ ਸਿਹਤ ਕੇਂਦਰ ਘਨੌਰ ਨੇ ਜ਼ਿਲ੍ਹਾ ਪਟਿਆਲਾ ਵਿੱਚ ਪਹਿਲਾ ਅਤੇ ਪੰਜਾਬ ਵਿੱਚੋਂ 11ਵਾਂ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਪੀ.ਐਚ.ਸੀ ਘਨੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਿਰਨਜੋਤ ਕੌਰ ਉਪਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆ ਸੂਬਾ ਪੱਧਰੀ ਟੀਮਾਂ ਵੱਲੋਂ ਹਸਪਤਾਲਾਂ ਦੀ ਚੈਕਿੰਗ ਕਰਕੇ ਸਾਰਾ ਰਿਕਾਰਡ, ਮਰੀਜ਼ਾਂ ਦੀ ਗਿਣਤੀ, ਮਰੀਜ਼ਾਂ ਦੀ ਦੇਖਭਾਲ, ਸਾਫ ਸਫਾਈ ਅਤੇ ਹਸਪਤਾਲ ਦੇ ਸਟਾਫ ਦਾ ਮਰੀਜ਼ਾਂ ਪ੍ਰਤੀ ਵਤੀਰੇ ਸਮੇਤ ਹੋਰ ਨਿਰੀਖਣ ਕੀਤਾ ਜਾਂਦਾ ਹੈ। ਇਸ ਦੇ ਆਧਾਰ ’ਤੇ ਘਨੌਰ ਪੀ.ਐਚ.ਸੀ ਨੂੰ ਜ਼ਿਲ੍ਹਾ ਪਟਿਆਲਾ ਵਿੱਚੋਂ ਪਹਿਲਾ ਸਥਾਨ ਅਤੇ ਪੰਜਾਬ ਵਿੱਚੋਂ 11ਵਾਂ ਸਥਾਨ ਹਾਸਿਲ ਹੋਇਆ ਹੈ।
ਇਸ ਸਬੰਧੀ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਕੋਵਿਡ ਕਾਲ ਦੌਰਾਨ ਸਾਫ ਸਫਾਈ ਦਾ ਧਿਆਨ ਰੱਖਿਆ ਜਿਸ ਨਾਲ ਇਹ ਪ੍ਰਾਪਤੀ ਸੰਭਵ ਹੋ ਸਕੀ।