ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਜੂਨ
ਜੂਨ 1984 ’ਚ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਏ ਫੌਜੀ ਹਮਲੇ ਦੀ ਵਾਪਰੀ ਘਟਨਾ ਨੂੰ ਘੱਲੂਘਾਰਾ ਦਿਵਸ ਵਜੋਂ ਮਨਾਇਆ ਗਿਆ। ਖਾਲਿਸਤਾਨ ਦੇ ਮੁੱਦੇ ’ਤੇ 29 ਅਪਰੈਲ ਨੂੰ ਪਟਿਆਲਾ ’ਚ ਦੋ ਫਿਰਕਿਆਂ ਦਰਮਿਆਨ ਹੋਏ ਟਕਰਾਅ ਦੀ ਘਟਨਾ ਕਾਰਨ ਅੱਜ ਦੇ ਇਸ ਦਿਹਾੜੇ ਮੌਕੇ ਵੀ ਅਜਿਹੀ ਹੀ ਕਿਸੇ ਘਟਨਾ ਦੇ ਵਾਪਰਨ ਦਾ ਖਦਸ਼ਾ ਸੀ ਜਿਸ ਦੇ ਚੱਲਦਿਆਂ ਇਥੇ ਕਈ ਦਿਨਾਂ ਤੋਂ ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਸੀ। ਅੱਜ ਸ਼ਾਹੀ ਸ਼ਹਿਰ ਪੁਲੀਸ ਛਾਉਣੀ ਬਣਿਆ ਰਿਹਾ। ਇਸ ਦੌਰਾਨ ਸ਼ਹਿਰ ਵਿਚਲੀਆਂ ਅਨੇਕਾਂ ਥਾਵਾਂ ’ਤੇ ਨਾ ਸਿਰਫ਼ ਨਾਕਾਬੰਦੀ, ਬਲਕਿ ਬੰਕਰ ਵੀ ਬਣਾਏ ਹੋਏ ਸਨ। ਭਾਵੇਂ ਸ਼ਹਿਰ ’ਚ ਕਈ ਥਾਈਂ ਅਜਿਹੇ ਬੰਦੋਬਸਤ ਸਨ ਪਰ ਖਾਸ ਕਰਕੇ ਪ੍ਰਾਚੀਨ ਸ੍ਰੀ ਕਾਲ਼ਾ ਮਾਤਾ ਮੰਦਰ ਅਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਹੋਰ ਵੀ ਵਧੇਰੇ ਚੌਕਸੀ ਸੀ। ਇਨ੍ਹਾਂ ਦੋਵਾਂ ਥਾਵਾਂ ’ਤੇ ਸੈਂਕੜੇ ਵਰਦੀਧਾਰੀ ਪੁਲੀਸ ਮੁਲਾਜ਼ਮ ਹਥਿਆਰਾਂ ਨਾਲ਼ ਲੈਸ ਖੜ੍ਹੇ ਸਨ।
ਸ਼ਹਿਰ ਵਿਚਲੇ ਸਮੁੱਚੇ ਪ੍ਰਬੰਧਾਂ ਦੀ ਕਮਾਨ ਐੱਸਪੀ ਸਿਟੀ ਵਜ਼ੀਰ ਸਿੰਘ ਦੇ ਹੱਥ ’ਚ ਸੀ। ਉਂਜ ਇੱਥੇ ਪਲੇਠੀ ਹੀ ਤਾਇਨਾਤੀ ਹੋਣ ਕਰਕੇ ਉਨ੍ਹਾਂ ਨੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਨੂੰ ਵੀ ਆਪਣੇ ਨਾਲ਼ ਰੱਖਿਆ ਹੋਇਆ ਸੀ। ਉਂਜ ਸਮੁੱਚੇ ਪ੍ਰਬੰਧਾਂ ਦੀ ਅਗਵਾਈ ਐੱਸਐੱਸਪੀ ਦੀਪਕ ਪਾਰਿਕ ਕਰ ਰਹੇ ਸਨ,ਜਿਨ੍ਹਾਂ ਦੇ ਉਪਰ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਵੀ ਅੱਖ ਟਿਕਾਈ ਹੋਈ ਸੀ ਪਰ ਅੱਜ ਦਾ ਇਹ ਦਿਹਾੜਾ ਇਥੇ ਪੂਰੀ ਤਰਾਂ ਅਮਨ ਅਮਾਨ ਨਾਲ਼ ਲੰਘ ਗਿਆ।
ਮੈਨੇਜਰ ਨੱਥਾ ਸਿੰਘ ਅਤੇ ਐਡੀਸ਼ਨਲ ਮੈਨੇਜਰ ਕਰਨੈਲ ਵਿਰਕ ਦੀ ਦੇਖ-ਰੇਖ ਹੇਠਾਂ ਹੋਏ ਇਸ ਸਮਾਗਮ ’ਚ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ, ਕਿਰਪਾਲ ਸਿੰਘ ਬਡੂੰਗਰ, ਹਰਿੰਦਰਪਾਲ ਚੰਦੂਮਾਜਰਾ, ਸ਼ਿਵੰਦਰ ਸੱਭਰਵਾਲ, ਜਰਨੈਲ ਕਰਤਾਰਪੁਰ, ਜਸਦੇਵ ਜਰੀਕਪੁਰ, ਸੁਖਮਿੰਦਰਪਾਲ ਮਿੰਟਾ, ਜਗਜੀਤ ਕੋਹਲੀ, ਜਸਵਿੰਦਰਪਾਲ ਚੱਢਾ, ਜਸਪ੍ਰੀਤ ਭਾਟੀਆ, ਰਾਜਾ ਤੁੜ, ਗੁਰਦੀਪ ਸ਼ੇਖੂਪੁਰ ਸਮੇਤ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ, ਕਾਂਗਰਸ ਸਰਕਾਰ ਨੂੰ ਖੂਬ ਕੋਸਿਆ।
ਦੂਜੇ ਬੰਨ੍ਹੇ ਅਖਿਲ ਭਾਰਤੀ ਹਿੰਦੂ ਸੁਰੱਖਆ ਸਮਿਤੀ ਅਤੇ ਹਿੰਦੂ ਤਖਤ ਦੁਆਰਾ ਇਥੇ ਸ੍ਰੀ ਕਾਲ਼ੀ ਮਾਤਾ ਮੰਦਰ ਵਿਖੇ ਸਮਾਗਮ ਕੀਤਾ ਗਿਆ। ਇਸ ਦੌਰਾਨ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਪੁਲੀਸ ਅਤੇ ਫੌਜੀ ਅਫਸਰਾਂ ਅਤੇ ਮੁਲਾਜ਼ਮਾਂ ਸਮੇਤ ਹਿੰਦੂ ਪਰਿਵਾਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪੰਚਾਨੰਦ ਗਿਰੀ ਜੀ ਮਹਾਰਾਜ, ਰਾਜੇਸ਼ ਕੇਹਰ, ਕੈਲਾਸ਼ ਸ਼ਰਮਾ ਅਤੇ ਅਜਿਤ ਸ਼ਰਮਾ ਆਦਿ ਵੀ ਮੌਜੂਦ ਸਨ।