ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਨਵੰਬਰ
ਜੌਗਰਫੀ ਪੋਸਟ ਗਰੈਜੂਏਟ ਟੀਚਰਜ਼ ਪੰਜਾਬ ਦਾ ਵਫ਼ਦ ਸਿੱਖਿਆ ਮੰਤਰੀ ਪਰਗਟ ਸਿੰਘ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸਰਕਾਰ ਪ੍ਰਦੀਪ ਅਗਰਵਾਲ ਨੂੰ ਮਿਲਿਆ। ਇਸ ਦੌਰਾਨ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜੌਗਰਫੀ ਵਿਸ਼ੇ ਦੇ ਲੈਕਚਰਾਰਾਂ ਦੀ ਘਾਟ, ਭੂਗੋਲ (ਜੌਗਰਫੀ) ਪ੍ਰਯੋਗਸ਼ਾਲਾਵਾਂ ਦਾ ਨਾ ਹੋਣਾ, ਹੋਰਾਂ ਵਿਸ਼ਿਆਂ ਦੇ ਮੁਕਾਬਲੇ ਇਸ ਵਿਸ਼ੇ ਦੇ ਅਧਿਆਪਕਾਂ ਦੀਆਂ ਪਦਉੱਨਤੀਆਂ ਨਾ ਕਰਨ ਅਤੇ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਸਕੂਲਾਂ ਵਿੱਚ ਜੌਗਰਫੀ ਲੈਕਚਰਾਰਾਂ ਦੀਆਂ ਅਸਾਮੀਆਂ ਦੇਣ ਦੇ ਮੁੱਦੇ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਵਫ਼ਦ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਮੌਜੂਦਾ ਸਮੇਂ ਜੌਗਰਫੀ ਵਿਸ਼ੇ ਦੀਆਂ ਕੁੱਲ ਮਨਜੂਰਸ਼ੁਦਾ 357 ਵਿੱਚੋਂ 170 ਖਾਲੀ ਹਨ। ਇਸ ’ਤੇ ਮੰਤਰੀ ਨੇ ਤੁਰੰਤ ਡੀ.ਪੀ.ਆਈ ਪੰਜਾਬ ਸੁਖਜੀਤਪਾਲ ਸਿੰਘ ਨੂੰ ਫੋਨ ਕਰਕੇ ਅਸਾਮੀਆਂ ਦੀ ਘਾਟ ਨੂੰ ਪੂਰਾ ਕਰਨ ਦੀ ਤਾਕੀਦ ਕੀਤੀ। ਮਗਰੋਂ ਵਫ਼ਦ ਨੇ ਡੀ.ਪੀ.ਆਈ ਨਾਲ ਵੀ ਮੁਲਾਕਾਤ ਕੀਤੀ ਅਤੇ ਵੇਰਵੇ ਸਹਿਤ ਮੰਗਾਂ ਵਿਚਾਰੀਆਂ। ਇਸ ’ਤੇ ਡੀ.ਪੀ.ਆਈ ਨੇ ਜਲਦੀ ਪਦਉੱਨਤੀਆਂ ਕਰਨ ਦਾ ਭਰੋਸਾ ਦਿਵਾਇਆ।