ਗੁਰਨਾਮ ਸਿੰਘ ਚੌਹਾਨ
ਪਾਤੜਾਂ, 21 ਦਸੰਬਰ
ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ ਉੱਤੇ ਲਗਾਤਾਰ ਅੰਦੋਲਨ ਜਾਰੀ ਹੈ। ਇਸੇ ਤਹਿਤ ਜੰਮੂ ਕੱਟੜਾ ਐਕਸਪ੍ਰੈੱਸ ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਜੀਓ ਦੇ ਪਾਤੜਾਂ ਤੇ ਘੱਗਾ ਵਿੱਚ ਸਥਿਤ ਜੀਓ ਕੇਅਰ ਸੈਂਟਰ ਬੰਦ ਕਰਵਾ ਕੇ ਲੋਕਾਂ ਨੂੰ ਜੀਓ ਸਿੰਮ ਬੰਦ ਕਰਵਾਉਣ ਦਾ ਹੋਕਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਾਤੜਾਂ ਸਥਿਤ ਜੀਓ ਦੇ ਕੇਅਰ ਸੈਂਟਰ ਤੋਂ ਬਾਅਦ ਦਿੱਲੀ ਕਟੜਾ ਐਕਸਪ੍ਰੈਸ ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਘੱਗਾ ਕੇਅਰ ਸੈਂਟਰ ਉੱਤੇ ਧਰਨਾ ਦੇ ਕੇ ਉਸ ਨੂੰ ਬੰਦ ਕਰਵਾ ਦਿੱਤਾ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਗਲੌਲੀ, ਗੁਰਮੇਲ ਸਿੰਘ ਘੱਗਾ, ਕੁਲਦੀਪ ਸਿੰਘ ਅਤਾਲਾਂ, ਰਛਪਾਲ ਸਿੰਘ ਢੋਟ, ਜਤਿੰਦਰਪਾਲ ਸਿੰਘ ਢੋਟ, ਅਮਨਦੀਪ ਸਿੰਘ ਘੱਗਾ ਨੇ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਖੇਤੀ ਸੁਧਾਰ ਕਾਨੂੰਨ ਕਾਨੂੰਨ ਵਾਪਸ ਨਹੀਂ ਲੈਂਦੀ, ਇਸੇ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਚਰਚਾ ਚੱਲ ਰਹੀ ਸੀ ਹੈ ਕਿ ਜੀਓ ਦੇ ਕੇਅਰ ਸੈਂਟਰਾਂ ਵਿੱਚ ਕੰਮ ਕਰਦੇ ਮੁਲਾਜ਼ਮ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਅਸਤੀਫੇ ਦੇ ਕੇ ਚਲੇ ਗਏ ਹਨ। ਜੀਓ ਅਧਿਕਾਰੀ ਅਰਵਿੰਦ ਕੁਮਾਰ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਮੁਲਾਜ਼ਮ ਅਸਤੀਫ਼ਾ ਦੇ ਕੇ ਨਹੀਂ ਗਿਆ ਸਗੋਂ ਜਥੇਬੰਦੀਆਂ ਦੇ ਕਹਿਣ ਉੱਤੇ ਉਨ੍ਹਾਂ ਜੀਓ ਕੇਅਰ ਸੈਂਟਰ ਬੰਦ ਕੀਤੇ ਹਨ ਕਿਉਂਕਿ ਜੀਓ ਦਾ ਕੋਈ ਵੀ ਮੁਲਾਜ਼ਮ ਕਿਸਾਨ ਵਿਰੋਧੀ ਨਹੀਂ ਹੈ।