ਰਵੇਲ ਸਿੰਘ ਭਿੰਡਰ
ਪਟਿਆਲਾ, 2 ਜੂਨ
ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਸਾਹਮਣੇ ਅੱਜ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੀਐੱਸਪੀਸੀਐੱਲ/ ਪੀਐੱਸਟੀਸੀਐੱਲ ਯੂਨਿਟ ਵੱਲੋਂ ਪਾਵਰਕੌਮ ਵਿੱਚ ਕੰਮ ਕਰਦੇ ਜਨਰਲ, ਬੀਸੀ ਅਤੇ ਸਮੁੱਚੇ ਵਰਗ ਦੇ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਫੈਡਰੇਸ਼ਨ ਦੇ ਇਕਾਈ ਪ੍ਰਧਾਨ ਕੁਲਜੀਤ ਸਿੰਘ ਰਟੋਲ ਅਤੇ ਸਕੱਤਰ ਜਨਰਲ ਸੁਖਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਇਸ ਰੋਸ ਪ੍ਰੋਗਰਾਮ ਦੌਰਾਨ ਆਗੂਆਂ ਨੇ ਪੀਐੱਸਪੀਸੀਐੱਲ ਮੈਨੇਜਮੈਂਟ ਪ੍ਰਤੀ ਸ਼ਿਕਵਾ ਜ਼ਾਹਿਰ ਕਰਦਿਆਂ ਆਖਿਆ ਕਿ ਜਨਰਲ ਤੇ ਬੀਸੀ ਵਰਗ ਦੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਤਰੱਕੀਆਂ ਰੋਕਣ ਕਾਰਨ ਉਨ੍ਹਾਂ ’ਚ ਰੋਸ ਹੈ। ਫੈਡਰੇਸ਼ਨ ਨੇ ਦੋਸ਼ ਲਗਾਇਆ ਕਿ ਰਿਜ਼ਰਵ ਸ਼੍ਰੇਣੀ ਦੇ ਮੁਲਾਜ਼ਮਾਂ ਦੀਆਂ ਕੋਟੇ ਤੋਂ ਵੱਧ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ।
ਫੈਡਰੇਸ਼ਨ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਵੱਲੋਂ ਅਜੀਤ ਸਿੰਘ ਜੰਜੂਆ ਦੇ ਕੇਸ ਵਿੱਚ ਦਿੱਤੇ ਗਏ ਫ਼ੈਸਲੇ ਅਨੁਸਾਰ ਰੋਸਟਰ ਦੇ ਆਧਾਰ ’ਤੇ ਬਣਾਈਆਂ ਗਈਆਂ ਗ਼ਲਤ ਸੀਨੀਆਰਤਾ ਸੂਚੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੋਧਿਆ ਜਾਵੇ। ਆਗੂਆਂ ਨੇ ਜਨਰਲ ਵਰਗ ਦੀ ਭਲਾਈ ਲਈ ਬੋਰਡ ਸਥਾਪਿਤ ਕਰਨ ਦੀ ਵੀ ਮੰਗ ਉਠਾਈ। ਰੋਸ ਪ੍ਰਦਰਸ਼ਨ ਵਿੱਚ ਗੁੁਰਦੀਪ ਸਿੰਘ ਟਿਵਾਣਾ, ਰਣਬੀਰ ਕੌਰ, ਇੰਜਨੀਅਰ ਗੁਰਮੀਤ ਸਿੰਘ ਬਾਗੜੀ, ਇੰਜਨੀਅਰ ਜਸਵਿੰਦਰ ਰਾਮ, ਹਰਗੁਰਮੀਤ ਸਿੰਘ, ਕੰਚਨ ਕੁਮਾਰ, ਮੋਹਿਤ ਕੁਮਾਰ, ਅਮਿਤ ਕੁਮਾਰ, ਕ੍ਰਿਸ਼ਨ ਕੁਮਾਰ, ਨਰੇਸ਼ ਕੁਮਾਰ, ਪਰਵਿੰਦਰ ਸਿੰਘ, ਰਾਜ ਕੁਮਾਰ, ਮਨਿੰਦਰ ਸਿੰਘ, ਗੁਰਚਰਨ ਸਿੰਘ, ਪਰਮਜੀਤ ਸਿੰਘ ਨੇ ਸ਼ਮੂਲੀਅਤ ਕੀਤੀ।
ਠੇਕਾ ਮੁਲਾਜ਼ਮਾਂ ਵੱਲੋਂ ਅਰਥੀ ਫੂਕ ਪ੍ਰਦਰਸ਼ਨ
ਪਾਵਰਕੌਮ ਮੁੱਖ ਦਫ਼ਤਰ ਅੱਗੇ ਅੱਜ ਅਦਾਰੇ ਦੇ ਵੱਡੀ ਗਿਣਤੀ ਠੇਕਾ ਮੁਲਾਜ਼ਮਾਂ ਨੇ ਨੌਕਰੀ ਰੈਗੂਲਰ ਕਰਨ ਤੇ ਹੋਰ ਮਸਲਿਆਂ ਸਬੰਧੀ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਦੀ ਅਰਥੀ ਫੂਕੀ। ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚ ਅਰਥੀ ਚੁੱਕ ਰੋਸ ਮੁਜ਼ਾਹਰਾ ਵੀ ਕੀਤਾ। ਪਾਵਰਕੌਮ ਦੇ ਸੀ.ਐੱਚ.ਬੀ ਤੇ ਸੀ.ਐੱਚ.ਡਬਲਿਊ ਠੇਕਾ ਕਾਮਿਆਂ ਨੇ ਸ਼ਿਕਵਾ ਜ਼ਾਹਿਰ ਕੀਤਾ ਕਿ ਸਰਕਾਰ ਜਾਂ ਪਾਵਰਕੌਮ ਮੈਨੇਜਮੈਂਟ ਉਨ੍ਹਾਂ ਦੀਆਂ ਵਾਜਬਿ ਮੰਗਾਂ ਨੂੰ ਅਣਸੁਣਿਆਂ ਕਰ ਰਹੀ ਹੈ, ਜਿਸ ਨਾਲ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ’ਚ ਰੋਸ ਹੈ। ਸਰਕਲ ਤੇ ਡਿਵੀਜ਼ਨ ਪ੍ਰਧਾਨ ਰਾਜੇਸ਼ ਕੁਮਾਰ ਤੇ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਸਨੌਰ ਨੇ ਬਕਾਏ ਦੇਣ ਤੇ ਹਾਦਸਾ ਵਾਪਰਨ ’ਤੇ 50 ਲੱਖ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਧਰ਼ ਈ.ਟੀ.ਟੀ.ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਵੱਲੋਂ ਇੱਥੇ ਟਾਵਰ ਸੰਘਰਸ਼ ਅੱਜ 74ਵੇਂ ਦਿਨ ਵੀ ਮਘਾਈ ਰੱਖਿਆ। ਸੁਰਿੰਦਰਪਾਲ ਸਿੰਘ ਨੇ ਆਖਿਆ ਕਿ ਉਹ ਮੰਗਾਂ ਪ੍ਰਵਾਨ ਹੋਣ ਤੱਕ ਟਾਵਰ ਤੋਂ ਹੇਠਾਂ ਨਹੀਂ ਉਤਰੇਗਾ। ਉਧਰ, ਯੂਨੀਅਨ ਵੱਲੋਂ ਭਲਕੇ 3 ਜੂਨ ਨੂੰ ਜਥੇਬੰਦੀ ਦੀਆਂ ਮੰਗਾਂ ਤੇ ਮਸਲਿਆਂ ਲਈ ਨਿਊ ਮੋਤੀ ਬਾਗ਼ ਪੈਲੇਸ ਦੇ ਘਿਰਾਓ ਲਈ ਅੱਜ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ।