ਪੱਤਰ ਪ੍ਰੇਰਕ
ਰਾਜਪੁਰਾ, 19 ਅਕਤੂਬਰ
ਇਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਐੱਨਐੱਸਐਸ ਵਿਭਾਗ ਵੱਲੋਂ ‘ਪਰਾਲੀ ਨਾ ਸਾੜੇ ਜੋ, ਸਭ ਤੋਂ ਸਮਝਦਾਰ ਉਹ’ ਮੁਹਿੰਮ ਤਹਿਤ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਪ੍ਰਿੰਸੀਪਲ ਪ੍ਰੋ. ਰਾਜੀਵ ਬਾਹੀਆ, ਐੱਨਐੱਸਐਸ ਵਿਭਾਗ ਦੇ ਕੋਆਰਡੀਨੇਟਰ ਡਾ. ਮਨਦੀਪ ਸਿੰਘ, ਪ੍ਰੋ. ਵੰਧਨਾ ਗੁਪਤਾ ਅਤੇ ਪ੍ਰੋ. ਹਿਮਾਨੀ ਸ਼ਰਮਾ ਦੀ ਅਗਵਾਈ ਵਿੱਚ 150 ਵਾਲੰਟੀਅਰਾਂ ਵੱਲੋਂ ਪਿੰਡ ਇਸਲਮਾਪੁਰ, ਪਿਲਖਣੀ, ਖੈਰਪੁਰ ਜੱਟਾਂ, ਨੀਲਪੁਰ, ਅਲੂਣਾ ਅਤੇ ਮਹਿਮੂਦਪੁਰ ਸਮੇਤ ਹੋਰਨਾਂ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਸੁਖਬੀਰ ਸਿੰਘ ਥਿੰਦ ਨੇ ਕਿਹਾ ਕਿ ਰੈਲੀਆਂ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਡਾ. ਐੱਸਐੱਸ ਰਾਣਾ, ਪ੍ਰੋ. ਸੰਦੀਪ ਸਿੰਘ, ਬਲਜਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਮੌਜੂਦ ਸਨ।
ਅਮਰਗੜ੍ਹ (ਪੱਤਰ ਪ੍ਰੇਰਕ):ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਪ੍ਰੋ. ਮੀਨੂੰ ਦੀ ਅਗਵਾਈ ਹੇਠ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕਤਾ ਰੈਲੀ ਕੱਢੀ। ਡਾ. ਤੇਜਿੰਦਰ ਸਿੰਘ ਤੇ ਪ੍ਰੋ. ਜਗਜੀਤ ਸਿੰਘ ਹਰੀ ਨੇ ਦੱਸਿਆ ਕਿ ਇਹ ਰੈਲੀ ਬਾਜ਼ੀਗਰ ਬਸਤੀ ਲਾਂਗੜੀਆਂ ਹੁੰਦੀ ਹੋਈ ਵਾਪਸ ਕਾਲਜ ਪਹੁੰਚੀ। ਪ੍ਰੋਫੈਸਰ ਕਮਲਜੀਤ ਸਿੰਘ ਨੇ ਲਾਂਗੜੀਆਂ ਦਰਵਾਜ਼ੇ ਕਿਸਾਨਾਂ ਨੂੰ ਸੰਬੋਧਨ ਕੀਤਾ ਤੇ ਪਰਾਲੀ ਨਾਲ ਸਾੜਨ ਦੀ ਅਪੀਲ ਕੀਤੀ।ਇਸ ਮੌਕੇ ਵਿਦਿਆਰਥੀਆਂ ਨੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਰਮਨਦੀਪ ਸਿੰਘ, ਡਾ. ਸੋਨੀਆ ਗੱਗੜ, ਪ੍ਰੋ. ਮਨਜਿੰਦਰ ਸਿੰਘ ਹਾਜ਼ਰ ਸਨ।
ਸਲੋਗਨਾਂ ਨਾਲ ਪਰਾਲੀ ਨਾ ਸਾੜਨ ਦੀ ਅਪੀਲ
ਸਮਾਣਾ (ਪੱਤਰ ਪ੍ਰੇਰਕ): ਵਣ ਮੰਡਲ ਅਫਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਆਰਯੂ, ਆਈਐੱਫਐਸ ਦੇ ਦਿਸ਼ਾ ਨਿਰਦੇਸ ਅਨੁਸਾਰ ਸਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਾਜੀਪੁਰ ਦੇ ਸਹਿਯੋਗ ਨਾਲ ਪਿੰਡ ’ਚ ਵਾਤਾਵਰਣ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਅਗਵਾਈ ਵਣ ਰੇਂਜ ਅਫਸਰ (ਵਿਸਥਾਰ) ਪਟਿਆਲਾ ਸੁਰਿੰਦਰ ਸਰਮਾ ਅਤੇ ਸਕੂਲ ਪ੍ਰਿੰਸੀਪਲ ਸੀਮਾ ਉੱਪਲ ਨੇ ਕੀਤੀ। ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਸਲੋਗਨ ਲਹਿਰਾਕੇ ਪਿੰਡ ਦੇ ਕਿਸਾਨ ਭਾਈਚਾਰੇ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। ਰੈਲੀ ਉਪਰੰਤ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਵਣ ਰੇਂਜ ਅਫਸਰ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪਰਾਲੀ ਸਾੜਨਾ ਇੱਕ ਆਤਮਘਾਤੀ ਕਦਮ ਹੈ।