ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 15 ਜੁਲਾਈ
ਟੈਕਨੀਕਲ ਸਰਵਿਸਿਜ਼ ਯੂਨੀਅਨ (ਟੀ.ਐੱਸ.ਯੂ.) ਪੰਜਾਬ ਰਾਜ ਬਿਜਲੀ ਬੋਰਡ ਰਾਜਪੁਰਾ ਵੱਲੋਂ ਦਫ਼ਤਰ ਦੇ ਗੇਟ ਮੂਹਰੇ ਡਿਵੀਜ਼ਨ ਰਾਜਪੁਰਾ ਦੇ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਲਾਲ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮਗਰੋਂ ਕਾਮਿਆਂ ਨੇ ਗੇਟ ਰੈਲੀ ਕੀਤੀ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਰੋਸ ਧਰਨਾ ਦਿੱਤਾ। ਧਰਨੇ ਵਿੱਚ ਸੀਨੀਅਰ ਆਗੂ ਸਾਥੀ ਰਾਮ ਚੰਦ, ਸਾਥੀ ਸੰਤ ਰਾਮ ਚੀਮਾ, ਸਾਥੀ ਸੁਨੀਲ ਕੁਮਾਰ, ਸਾਥੀ ਤਰਲੋਚਨ ਸਿੰਘ, ਸਾਥੀ ਕਰਨੈਲ ਸਿੰਘ ਤੇ ਸਾਬਕਾ ਡਿਵੀਜ਼ਨ ਪ੍ਰਧਾਨ ਮਨਜੀਤ ਸਿੰਘ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਵੀ ਵਿਭਾਗ ਦੇ ਕਰਮਚਾਰੀਆਂ ਨੂੰ ਮੰਗਾਂ ਲਈ ਧਰਨੇ ਨਹੀਂ ਦੇਣੇ ਪੈਣਗੇ ਅਤੇ ਨਾ ਹੀ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹਨਾ ਪਵੇਗਾ। ਸਰਕਾਰ ਬਣੀ ਨੂੰ ਚਾਰ ਮਹੀਨੇ ਹੋ ਚੱਲੇ ਹਨ, ਮੁਲਾਜ਼ਮਾਂ ਦੀਆਂ ਜੋ ਮੰਗਾਂ ਅਕਾਲੀ-ਭਾਜਪਾ ਭਾਈਵਾਲ਼ ਅਤੇ ਕਾਂਗਰਸ ਸਰਕਾਰ ਸਮੇਂ ਲਟਕੀਆਂ ਹੋਈਆਂ ਸਨ, ਅੱਜ ਵੀ ਉਸੇ ਸਥਿਤੀ ਵਿੱਚ ਹਨ। ਭਗਵੰਤ ਮਾਨ ਦੀ ਬਦਲਾਅ ਵਾਲ਼ੀ ਸਰਕਾਰ ਨੇ ਮੁਲਾਜ਼ਮ ਵਰਗ ਲਈ ਕੋਈ ਬਦਲਾਅ ਨਹੀਂ ਲਿਆਂਦਾ। ਉਨ੍ਹਾਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ, ਸੰਗਰੂਰ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀ ਰੈਲੀ ਵਿੱਚ ਹੋਈ ਧੱਕੇਸ਼ਾਹੀ, ਬੋਰਡ ਵੱਲੋਂ ਮੁਲਾਜ਼ਮਾਂ ਨੂੰ ਨਵੇਂ ਸਕੇਲਾਂ ਦੀ ਅਦਾਇਗੀ ਕਰਨ ਵਿੱਚ ਦੇਰੀ ਅਤੇ ਪੈਨਸ਼ਨਰ ਮੁਲਾਜ਼ਮਾਂ ਨੂੰ ਨਵੇਂ ਸਕੇਲ ਨਾ ਲਾਗੂ ਕਰਨ ਅਤੇ ਦੇਰੀ ਲਈ ਬੋਰਡ ਮੈਨੇਜਮੈਂਟ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾ ਜਲਦ ਲਾਗੂ ਕੀਤੀਆਂ ਜਾਣ।