ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ , 9 ਅਗਸਤ
ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਸਰਹਿੰਦ ਬਰਾਂਚ ਰਾਜਪੁਰਾ ਵੱਲੋਂ ਰੇਲ ਬਚਾਓ ਦੇਸ਼ ਬਚਾਓ ਕਮੇਟੀ ਦੀ ਅਗਵਾਈ ਗੇਟ ਰੈਲੀ ਕੀਤੀ ਗਈ। ਇਸ ਗੇਟ ਮੀਟਿੰਗ ਦੀ ਪ੍ਰਧਾਨਗੀ ਰੇਲ ਬਚਾਓ ਦੇਸ਼ ਬਚਾਓ ਕਮੇਟੀ ਦੇ ਕਨਵੀਨਰ ਅਮਰ ਪਾਸੀ , ਸਰਹਿੰਦ ਬਰਾਂਚ ਦੇ ਪ੍ਰਧਾਨ ਜਸਮੇਰ ਸਿੰਘ ਅਤੇ ਬਰਾਂਚ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਰੇਲ ਬਚਾਓ ਦੇਸ਼ ਬਚਾਓ ਕਮੇਟੀ ਦੇ ਕਨਵੀਨਰ ਅਮਰ ਸਿੰਘ ਪਾਸੀ ਨੇ ਕਿਹਾ ਕਿ ਇਸ ਕਮੇਟੀ ਨਾਲ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਰੇਲਵੇ ਵੱਲੋਂ ਸਟੇਸ਼ਨ ਉੱਪਰ ਨਾਜਾਇਜ਼ ਪਲੇਟਫ਼ਾਰਮ ਟਿਕਟ ਲਈ ਜਾ ਰਹੀ ਹੈ। ਟਰੇਨਾਂ ਵਿਚ ਆਨਲਾਈਨ ਟਿਕਟਾਂ ਦੀ ਵਿੱਕਰੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜਿਸ ਨਾਲ ਪ੍ਰਾਈਵੇਟ ਸਿਸਟਮ ਵੱਧ ਰਿਹਾ ਹੈ। ਆਮ ਲੋਕ ਜਿੱਥੇ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਉੱਥੇ ਰੇਲਵੇ ਵਿਭਾਗ ਵੱਲੋਂ ਆਮ ਜਨਤਾ ਨੂੰ ਦੁੱਗਣੇ ਪੈਸੇ ਲਾ ਕੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰੇਲਵੇ ਵਿੱਚ ਨਿੱਜੀਕਰਨ ਨੂੰ ਬੰਦ ਕੀਤਾ ਜਾਵੇ ਅਤੇ ਰੇਲਵੇ ਨੂੰ ਪੂਰਨ ਤੌਰ ‘ਤੇ ਸਰਕਾਰੀ ਹੱਥਾਂ ’ਚ ਰੱਖਿਆ ਜਾਵੇ। ਬਰਾਂਚ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਬਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਕਿਹਾ ਕਿ ਰੇਲਵੇ ਵਿੱਚ ਜੋ ਸੇਫਟੀ ਕੈਟਾਗਰੀ ਦੀਆਂ ਅਸਾਮੀਆਂ ਖ਼ਾਲੀ ਹਨ ਉਸ ਨੂੰ ਤੁਰੰਤ ਭਰਿਆ ਜਾਵੇ, ਰੇਲਵੇ ਵਿਚ ਐੱਨਪੀਐੱਸ ਨੂੰ ਖ਼ਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਜਾਵੇ।