ਜੈਮਸੀਨ ਭਾਰਦਵਾਜ
ਨਾਭਾ, 29 ਜੁਲਾਈ
ਪੁਲੀਸ ਵੱਲੋ ਨਗਰ ਕੌਂਸਲ ਦੇ ਸਫਾਈ ਸੁਪਰਵਾਈਜ਼ਰ ਦੀ ਸ਼ਿਕਾਇਤ ’ਤੇ ਨਾਭਾ ਵਾਸੀ ਰਾਜੇਸ਼ ਸ਼ਰਮਾ ਖਿਲਾਫ ਸਰਕਾਰੀ ਮੁਲਾਜ਼ਮ ਦੀ ਕੁੱਟਮਾਰ ਕਰਨ ਤੇ ਸਰਕਾਰੀ ਕੰਮ ’ਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਦੂਜੇ ਪਾਸੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਰਾਜੇਸ਼ ਸ਼ਰਮਾ ਦੀ ਜਸਪਾਲ ਕਲੋਨੀ ਸਥਿਤ ਰਿਹਾਇਸ਼ ਦੇ ਬਾਹਰ ਕੂੜੇ ਦਾ ਢੇਰ ਲਗਾ ਦਿੱਤਾ ਹੈ।
ਰਾਜੇਸ਼ ਸ਼ਰਮਾ, ਜੋ ਬੀਮਾ ਕੰਪਨੀ ’ਚ ਕੰਮ ਕਰਦੇ ਹਨ ਤੇ ਉਨ੍ਹਾਂ ਨਗਰ ਕੌਂਸਲ ’ਚ ਆਰਟੀਆਈ ਤਹਿਤ ਜਾਣਕਾਰੀ ਹਾਸਲ ਕਰਨ ਲਈ ਕਈ ਵਾਰ ਅਰਜ਼ੀ ਵੀ ਦਿੱਤੀ ਹੈ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕੌਂਸਲ ਚ ਕਈ ਤਰਾਂ ਦੇ ਘਪਲੇ ਹੁੰਦੇ ਰਹੇ ਹਨ ਤੇ ਉਸ ਨੇ ਆਰਟੀਆਈ ਤਹਿਤ ਕੌਂਸਲ ਦੇ ਟਰੈਕਟਰ, ਜੇਸੀਬੀ ਅਤੇ ਫੋਗਿੰਗ ਮਸ਼ੀਨ ਦੇ ਰੋਜ਼ਾਨਾ ਖਰਚੇ ਬਾਰੇ ਜਾਣਕਾਰੀ ਮੰਗੀ ਸੀ। ਉਸ ਦੇ ਮੁਤਾਬਕ ਰੋਜ਼ ਦਾ ਸੈਂਕੜੇ ਲੀਟਰ ਡੀਜ਼ਲ ਦੇ ਖਰਚੇ ਨਾਜਾਇਜ਼ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਲਈ ਉਨ੍ਹਾਂ ਕੋਲੋਂ 5900 ਰੁਪਏ ਵੀ ਭਰਵਾਏ ਗਏ। ਉਨ੍ਹਾਂ ਕਿਹਾ ਕਿ ਜਦੋ ਉਹ ਵੀਰਵਾਰ ਨੂੰ ਕੌਂਸਲ ਦੇ ਦਫਤਰ ਚ ਪ੍ਰਧਾਨ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ। ਨਾਲ ਹੀ ਉਨ੍ਹਾਂ ਦੇ ਘਰਦਿਆਂ ਨੂੰ ਤੰਗ ਕਰਨ ਲਈ ਘਰ ਦੇ ਬਾਹਰ ਕੂੜੇ ਦਾ ਢੇਰ ਲਾ ਦਿੱਤਾ। ਸਫਾਈ ਸੁਪਰਵਾਈਜ਼ਰ ਤੇਜਾ ਸਿੰਘ ਨੇ ਰਾਜੇਸ਼ ਸ਼ਰਮਾ ’ਤੇ ਦੋਸ਼ ਲਾਇਆ ਕਿ ਉਹ ਉਨ੍ਹਾਂ ਉੱਪਰ 150 ਸਫਾਈ ਕਰਮਚਾਰੀਆਂ ਦੇ ਬੀਮੇ ਕਰਾਉਣ ਦਾ ਦਬਾਅ ਬਣਾ ਰਹੇ ਸਨ। ਨਾਭਾ ਕੋਤਵਾਲੀ ਮੁਖੀ ਹੈਰੀ ਬੋਪਾਰਾਏ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।