ਖੇਤਰੀ ਪ੍ਰਤੀਨਿਧ
ਪਟਿਆਲਾ, 8 ਜੂਨ
ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਦੇਣ ਲਈ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਵੱਲੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ ਹੋਟਲਾਂ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਅਤੇ ਕਲੱਬਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਦਿਆਂ ਜੁਆਇੰਟ ਕਮਿਸ਼ਨਰ ਨਮਨ ਮਟਕਨ ਨੇ ਦੱਸਿਆ ਕਿ ਵੱਧ ਕੂੜਾ ਪੈਦਾ ਕਰਨ ਵਾਲੀ ਹਰ ਵਪਾਰਕ ਇਕਾਈ ਦੇ ਬਾਹਰ ਇੱਕ ਪਲੇਟ ਲਗਾਈ ਜਾਵੇਗੀ, ਜਿਸ ’ਤੇ ਸੈਨੇਟਰੀ ਇੰਸਪੈਕਟਰ, ਸੁਪਰਵਾਈਜ਼ਰ, ਵਾਰਡ ਨੰਬਰ ਆਦਿ ਦੀ ਜਾਣਕਾਰੀ ਲਿਖੀ ਹੋਵੇਗੀ। ਹਰ ਵਪਾਰਕ ਯੂਨਿਟ ਲਈ ਘੱਟੋ-ਘੱਟ ਦੋ ਡਸਟਬਿਨ ਰੱਖਣੇ ਜ਼ਰੂਰੀ ਹੋਣਗੇ ਅਤੇ ਇਸ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣਾ ਲਾਜ਼ਮੀ ਹੋਵੇਗਾ। ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਨਿਗਮ ਵੱਲੋਂ ਹੋਟਲਾਂ, ਮੈਰਿਜ ਪੈਲੇਸਾਂ, ਕਲੱਬਾਂ ਅਤੇ ਰੈਸਟੋਰੈਂਟਾਂ ਨੂੰ ਕੂੜੇ ਨੂੰ ਸੰਭਾਲਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ, ਪਰ ਜੋ ਵੀ ਨਿਗਮ ਨੂੰ ਸਹਿਯੋਗ ਨਹੀਂ ਦੇਣਗੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਲਗਾਤਾਰ ਦੋ ਵਾਰ ਚਲਾਨ ਕੱਟਣ ਤੋਂ ਬਾਅਦ ਵਾਤਾਵਰਨ ਐਕਟ ਤਹਿਤ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਹੋਟਲ, ਰੈਸਟੋਰੈਂਟ, ਕਲੱਬ ਜਾਂ ਮੈਰਿਜ ਪੈਲੇਸ ਬਚੇ ਹੋਏ ਭੋਜਨ ਜਾਂ ਹਰੀ ਰਹਿੰਦ-ਖੂੰਹਦ ਨੂੰ ਕੰਪੋਸਟ ਪਿਟਾਂ ਵਿੱਚ ਪਹੁੰਚਾਉਣਾ ਯਕੀਨੀ ਬਣਾਉਣ। ਜਿਨ੍ਹਾਂ ਕੋਲ ਇਸ ਵੇਲੇ ਕੰਪੋਸਟ ਪਿਟ ਦਾ ਕੋਈ ਪ੍ਰਬੰਧ ਨਹੀਂ ਹੈ, ਉਹ ਨਿਗਮ ਦੀ ਮਦਦ ਨਾਲ ਮਟੀਰੀਅਲ ਰਿਕਵਰੀ ਸੈਂਟਰਾਂ ’ਤੇ ਬਣੇ ਪਿਟ ਲੈ ਸਕਦਾ ਹੈ।
ਇਸ ਦੌਰਾਨ ਅਮਨ ਸੇਖੋਂ ਅਤੇ ਮਨਪ੍ਰੀਤ ਬਾਜਵਾ ਨੇ ਸਮੂਹ ਮੈਂਬਰਾਂ ਨੂੰ ਕੂੜਾ ਸੰਭਾਲਣ ਸਬੰਧੀ ਸਹੁੰ ਵੀ ਚੁਕਾਈ।