ਪੱਤਰ ਪ੍ਰੇਰਕ
ਪਟਿਆਲਾ, 15 ਸਤੰਬਰ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ, ਖਾਸ ਕਰ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਖੇਡਾਂ ਦੀ ਛੁਪੀ ਪ੍ਰਤਿਭਾ ਨੂੰ ਉਭਾਰਨ ਲਈ ਉਲੀਕੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਟਿਆਲਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 11799 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਦੀਆਂ ਵੱਖ-ਵੱਖ ਖੇਡ ਮੈਦਾਨਾਂ ’ਚ ਚੱਲ ਰਹੀਆਂ ਖੇਡ ਗਤੀਵਿਧੀਆਂ ਨੇ ਪਟਿਆਲਾ ਅੰਦਰ ਮਿਨੀ ਓਲੰਪਿਕਸ ਦਾ ਮਾਹੌਲ ਸਿਰਜਿਆ ਹੋਇਆ ਹੈ।
ਖੇਡਾਂ ਵਤਨ ਪੰਜਾਬ ਦੀਆਂ ਲਈ ਹੋਈ ਰਜਿਸਟ੍ਰੇਸ਼ਨ ਮੁਤਾਬਕ ਭਾਰ ਚੁੱਕਣ ਵਿੱਚ 107 ਖਿਡਾਰੀ, ਬੈਡਮਿੰਟਨ ਵਿੱਚ 835, ਜੂਡੋ ਦੇ 279, ਕਿੱਕ ਬਾਕਸਿੰਗ ਦੇ 374, ਲਾਅਨ ਟੈਨਿਸ ਦੇ 228, ਗਤਕਾ ਵਿੱਚ 95, ਟੇਬਲ ਟੈਨਿਸ ਦੇ 233, ਮੁੱਕੇਬਾਜ਼ੀ ’ਚ 273, ਤੈਰਾਕੀ ਲਈ 154, ਕੁਸ਼ਤੀ ਦੇ 327, ਰੋਲਰ ਸਕੇਟਿੰਗ ਦੇ 153, ਪਾਵਰ ਲਿਫ਼ਟਿੰਗ ਦੇ 93, ਪੈਰਾ ਅਥਲੀਟ 126, ਅਥਲੈਟਿਕਸ ਦੇ 500 ਖਿਡਾਰੀ ਹਿੱਸਾ ਲੈ ਰਹੇ ਹਨ ਜਦੋਂਕਿ ਸਾਫ਼ਟਬਾਲ ਦੇ 399, ਬਾਸਕਟਬਾਲ ਦੇ 778, ਹਾਕੀ ਦੇ 718, ਨੈੱਟਬਾਲ ਦੇ 226, ਹੈਂਡਬਾਲ ਦੇ 491, ਕਬੱਡੀ ਦੇ 1270 ਖਿਡਾਰੀ, ਖੋ-ਖੋ ਦੇ 1340, ਵਾਲੀਬਾਲ ਦੇ 1200 ਅਤੇ ਫੁਟਬਾਲ ਦੇ 1600 ਖਿਡਾਰੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਇਹ ਖੇਡਾਂ ਕਰਵਾ ਕੇ ਨਵਾਂ ਇਤਿਹਾਸ ਸਿਰਜਿਆ ਹੈ।
ਹਾਕੀ ’ਚ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਦੀਆਂ ਟੀਮਾਂ ਜੇਤੂ
ਅਮਰਗੜ੍ਹ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਦੇ ਹਾਕੀ ਦੇ ਜ਼ਿਲ੍ਹਾ ਟੂਰਨਾਮੈਂਟ ਨਨਕਾਣਾ ਪਬਲਿਕ ਸਕੂਲ ਰਾਮਪੁਰ ਛੰਨਾ ਵਿੱਚ ਪ੍ਰਿੰਸੀਪਲ ਹਰਜਸਵੀਰ ਸਿੰਘ ਸੇਖੋਂ ਦੀ ਦੇਖਰੇਖ ਹੇਠ ਕਰਵਾਏ ਗਏ। ਟੂਰਨਾਮੈਂਟ ਦੇ ਕਨਵੀਨਰ ਮਨਦੀਪ ਸਿੰਘ ਤੇ ਕੋ-ਕਨਵੀਨਰ ਹਰਪ੍ਰੀਤ ਸਿੰਘ ਭੰਗੂ ਨੇ ਦੱਸਿਆ ਕਿ ਇਸ ਟਰੂਨਾਮੈਂਟ ਵਿੱਚ ਸਕੂਲ ਦੀਆਂ ਲੜਕੇ ਅੰਡਰ 14, ਅੰਡਰ 17 ਤੇ ਲੜਕੀਆਂ ਅੰਡਰ 21 ਦੀਆਂ ਟੀਮਾਂ ਜੇਤੂ ਰਹੀਆਂ। ਸ੍ਰੀ ਸੇਖੋਂ ਨੇ ਸਕੂਲ ਦੇ ਪ੍ਰਬੰਧਕ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਤੇ ਸੈਕਟਰੀ ਪ੍ਰਦੁੱਮਣ ਸਿੰਘ ਨੂੰ ਵਧਾਈ ਦਿੱਤੀ।