ਪੱਤਰ ਪ੍ਰੇਰਕ
ਰਾਜਪੁਰਾ, 15 ਨਵੰਬਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਹਲਕਾ ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਚੱਲ ਰਹੇ ਪਾਰਟੀ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੇ ਚਰਨਜੀਤ ਸਿੰਘ ਬਰਾੜ ਦੇ ਹੱਕ ਵਿੱਚ ਤੁਰਨ ਨਾਲ ਬਰਾੜ ਅਤੇ ਪ੍ਰੋ. ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਤਕੜਾ ਬਲ ਮਿਲਿਆ। ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਵਿਧਾਨ ਸਭਾ ਹਲਕਾ ਰਾਜਪੁਰਾ ਦੀ ਸੀਟ ਕਈ ਸਾਲਾਂ ਬਾਅਦ ਅਕਾਲੀ ਦਲ ਦੇ ਹਿੱਸੇ ਆਈ ਸੀ ਪਰ ਇੱਥੋਂ ਅਕਾਲੀ ਦਲ ਦੀ ਟਿਕਟ ਲਈ ਦਾਅਵੇਦਾਰ ਤੇ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੀ ਬਜਾਏ ਪਾਰਟੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਟਿਕਟ ਦੇ ਕੇ ਨਿਵਾਜਿਆ ਜਿਸ ਕਾਰਨ ਸੁਰਜੀਤ ਸਿੰਘ ਗੜ੍ਹੀ ਘਰ ਬੈਠ ਗਏ ਸਨ ਪਰ ਸੁਖਬੀਰ ਸਿੰਘ ਬਾਦਲ ਕਈ ਹੋਰ ਸੀਨੀਅਰ ਆਗੂਆਂ ਦੀ ਟੀਮ ਸਮੇਤ ਉਨ੍ਹਾਂ ਦੇ ਘਰ ਪੁੱਜੇ ਅਤੇ ਗੜ੍ਹੀ ਨੂੰ ਨਾਲ ਤੋਰਨ ਵਿੱਚ ਸਫਲ ਹੋ ਗਏ।
ਚੰਦੂਮਾਜਰਾ ਦਾ ਵਰਕਰਾਂ ਵੱਲੋਂ ਸਨਮਾਨ
ਪਟਿਆਲਾ (ਖੇਤਰੀ ਪ੍ਰਤੀਨਿਧ): ਕਾਂਗਰਸ ਅਤੇ ‘ਆਪ’ ’ਤੇ ਲੋਕਾਂ ਦਾ ਭਰੋਸਾ ਤੋੜਨ ਦੇ ਦੋਸ਼ ਲਾਉਂਦਿਆਂ, ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਇਸ ਦਾ ਖਮਿਆਜ਼ਾ ਇਨ੍ਹਾਂ ਦੋਵਾਂ ਧਿਰਾਂ ਨੂੰ ਅਗਾਮੀ ਵਿਧਾਨ ਸਭਾ ਚੋਣਾ ’ਚ ਭੁਗਤਣਾ ਪਵੇਗਾ। ਹਲਕਾ ਘਨੌਰ ਤੋਂ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾਣ ’ਤੇ ਉਹ ਜਦੋਂ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਨਤਮਸਤਕ ਹੋਣ ਪੁੱਜੇ ਤਾਂ ਇਲਾਕੇ ਦੇ ਅਕਾਲੀ ਅਤੇ ਬਸਪਾ ਵਰਕਰਾਂ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ।