ਪੱਤਰ ਪ੍ਰੇਰਕ
ਘਨੌਰ, 12 ਨਵੰਬਰ
ਹਿਮਾਚਲ ਦੇ ਸੰਦਰ ਨਗਰ ਵਿੱਚ ਐੱਨਡੀਆਰਐੱਫ ਦੀ ਤਲਾਸ਼ੀ ਮੁਹਿੰਮ ਦੌਰਾਨ ਸ਼ਹੀਦ ਹੋਏ ਜਵਾਨ ਮਲਕੀਤ ਸਿੰਘ (30) ਦਾ ਹਲਕਾ ਘਨੌਰ ਅਧੀਨ ਆਉਂਦੇ ਜੱਦੀ ਪਿੰਡ ਹਰਪਾਲਪੁਰ ਵਿੱਚ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਸ਼ਹੀਦ ਦੇ ਪਿਤਾ ਬਲਇੰਦਰ ਸਿੰਘ, ਮਾਤਾ ਸ਼ਕੁੰਤਲਾ ਦੇਵੀ, ਪਤਨੀ ਪ੍ਰੀਤੀ ਤੇ ਬੇਟੀ ਪ੍ਰਭਲੀਨ ਸਣੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਹਰ ਸ਼ਖ਼ਸ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਦਿੱਤੀ। ਸ਼ਹੀਦ ਮਲਕੀਤ ਸਿੰਘ ਦਾ ਭਰਾ ਵਿਦੇਸ਼ ਗਿਆ ਹੋਇਆ ਹੈ।
ਸਸਕਾਰ ਮੌਕੇ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸ਼ਹੀਦ ਪਰਿਵਾਰ ਨੂੰ ਦਿੱਤੀ ਜਾਂਦੀ 50 ਲੱਖ ਰੁਪਏ ਦੀ ਵਿੱਤੀ ਮਦਦ ਤੋਂ ਇਲਾਵਾ ਸ਼ਹੀਦ ਦੀ ਪਤਨੀ ਨੂੰ ਸਹਿਕਾਰਤਾ ਵਿਭਾਗ ਵਿੱਚ ਨੌਕਰੀ ਦਿੱਤੀ ਜਾਵੇਗੀ। ਇਸੇ ਦੌਰਾਨ ਐੱਨਡੀਆਰਐੱਫ ਦੇ ਅਧਿਕਾਰੀਆਂ ਨੇ ਮਲਕੀਤ ਸਿੰਘ ਦੇ ਤਾਬੂਤ ’ਤੇ ਲਿਪਟਿਆ ਤਿਰੰਗਾ ਸ਼ਹੀਦ ਦੀ ਪਤਨੀ ਪ੍ਰੀਤੀ ਨੂੰ ਸੌਂਪ ਕੇ ਸਲੂਟ ਕੀਤਾ। ਸਸਕਾਰ ਤੋਂ ਪਹਿਲਾਂ ਐੱਨਡੀਆਰਐੱਫ ਦੇ ਜਵਾਨਾਂ ਦੀ ਟੁਕੜੀ ਨੇ ਸ਼ਹੀਦ ਨੂੰ ਗਾਰਡ ਆਫ ਆਨਰ ਦਿੱਤਾ। ਇਸ ਮੌਕੇ ਡੀਐੱਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ, ਐੱਨਡੀਆਰਐੱਫ ਦੇ ਕਮਾਂਡੈਂਟ ਰਵੀ ਕੁਮਾਰ, ਡਿਪਟੀ ਕਮਾਂਡੈਂਟ ਰਿਸ਼ੀ ਮਹਾਜਨ, ਪੀਆਰਓ ਬਲਜਿੰਦਰ ਸਿੰਘ ਸੰਧੂ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।