ਖੇਤਰੀ ਪ੍ਰਤੀਨਿਧ
ਪਟਿਆਲਾ, 17 ਜਨਵਰੀ
ਥਾਣਾ ਡਿਵੀਜ਼ਨ ਨੰਬਰ ਦੋ ਦੇ ਐੱਸ.ਐੱਚ.ਓ ਸਾਹਿਬ ਸਿੰਘ ਵਿਰਕ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ 14 ਸਾਲਾਂ ਤੋਂ ਭਗੌੜੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਡੀਐੱਸਪੀ ਸਿਟੀ 1 ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮਨੋਜ ਕੁਮਾਰ ਵਾਸੀ ਪਟਿਆਲਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਨੇ 2006 ਵਿੱਚ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਪਟਿਆਲਾ ਵਿੱਚ ਕੰਪਨੀ ਖੋਲ੍ਹੀ ਸੀ ਪਰ ਬਾਅਦ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਉਹ ਭੱਜ ਗਏ, ਜਿਸ ਸਬੰਧੀ ਮਨੋਜ ਸਮੇਤ ਛੇ ਜਣਿਆਂ ਖ਼ਿਲਾਫ਼ ਥਾਣਾ ਕੋਤਵਾਲੀ ਪਟਿਆਲਾ ’ਚ ਕੇਸ ਦਰਜ ਸੀ। ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਸਨ। ਦੋ ਦੀ ਮੌਤ ਹੋ ਚੁੱਕੀ ਹੈ। ਜਦਕਿ ਮਨੋਜ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।
ਸਮਾਣਾ ਪੁਲੀਸ ਵੱਲੋਂ ਲੁਟੇਰੇ ਕਾਬੂ
ਸਮਾਣਾ (ਪੱਤਰ ਪ੍ਰੇਰਕ): ਡੀਐੱਸਪੀ ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਪਿਛਲੇ ਦਿਨੀਂ ਸ਼ਹਿਰ ਦੇ ਬਾਜ਼ਾਰ ਵਿੱਚ ਦੋ ਮੋਟਰਸਾਈਕਲ ਸਵਾਰ ਦੋ ਔਰਤਾਂ ਦੇ ਹੱਥ ’ਚ ਫੜਿਆ ਪਰਸ ਝਪਟ ਲੈ ਗਏ। ਐੱਸਐੱਚਓ ਸਿਟੀ ਕਰਨਵੀਰ ਸਿੰਘ ਨੇ ਪੁਲੀਸ ਟੀਮ ਨਾਲ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਇਕ ਪਾਣੀਪਤ ਤੇ ਦੂਸਰਾ ਸਮਾਣਾ ਦਾ ਵਸਨੀਕ ਹੈ।