ਪੱਤਰ ਪ੍ਰੇਰਕ
ਸਮਾਣਾ, 28 ਅਕਤੂਬਰ
ਸਿਟੀ ਪੁਲੀਸ ਨੇ ਹੱਤਿਆ ਦੇ ਮਾਮਲੇ ਵਿੱਚ ਇਕ ਸਾਲ ਤੋਂ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਨੇ ਦੱਸਿਆ ਕਿ ਅਮਾਮਗੜ੍ਹ ਮੁਹੱਲੇ ਵਿੱਚ ਅਗਸਤ 2021 ਵਿੱਚ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਦੋ ਮੁਲਜ਼ਮ ਪੁਲੀਸ ਹੱਥੇ ਨਹੀਂ ਚੜ੍ਹੇ ਸਨ। ਇਨ੍ਹਾਂ ਦੀ ਪੁਲੀਸ ਵੱਲੋਂ ਕਈ ਰਾਜਾਂ ਵਿੱਚ ਭਾਲ ਕੀਤੀ ਜਾ ਰਹੀ ਸੀ। ਇਨ੍ਹਾਂ ਮੁਲਜ਼ਮਾਂ ਵਿਚੋਂ ਰਲਨ ਉਰਫ਼ ਜਾਨੀ ਬਾਰੇ ਦੀਵਾਲੀ ਦੇ ਤਿਉਹਾਰ ਮੌਕੇ ਘਰ ਆਉਣ ਦੀ ਸੂਚਨਾ ਪੁਲੀਸ ਨੂੰ ਮਿਲੀ ਜਿਸ ਮਗਰੋਂ ਉਸ ਨੂੰ ਕਾਬੂ ਕਰ ਲਿਆ ਗਿਆ। ਇਕ ਮੁਲਜ਼ਮ ਹਾਲੇ ਵੀ ਫ਼ਰਾਰ ਹੈ ਜਿਸ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ।