ਖੇਤਰੀ ਪ੍ਰਤੀਨਿਧ
ਪਟਿਆਲਾ, 13 ਜੁਲਾਈ
ਕਿਸਾਨ ਕਰੈਡਿਟ ਕਾਰਡ ਬਣਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਨਿਰਦੇਸ਼ਕ ਡਾ. ਗੁਰਪਾਲ ਸਿੰਘ ਵਾਲੀਆ ਵੱਲੋਂ ਰੋਣੀ ਫਾਰਮ ਪਟਿਆਲਾ ਵਿੱਚ ਪਟਿਆਲਾ ਅਤੇ ਬਰਨਾਲਾ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਕਿਸਾਨ ਕਰੈਡਿਟ ਕਾਰਡ ਸਕੀਮ ਤਹਿਤ ਬੈਂਕ ਵੱਲੋਂ ਪ੍ਰਤੀ ਪਰਿਵਾਰ 3 ਲੱਖ ਰੁਪਏ ਦੀ ਰਾਸ਼ੀ 4 ਫੀਸਦੀ ਵਿਆਜ ’ਤੇ ਦਿੱਤੀ ਜਾਵੇਗੀ।
1.60 ਲੱਖ ਰੁਪਏ ਦੀ ਰਾਸ਼ੀ ਲੈਣ ਲਈ ਜ਼ਮੀਨ ਦੀ ਸਕਿਉਰਿਟੀ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਲਈ ਕੇਵਲ ਪਸ਼ੂਆਂ ਦਾ ਹੋਣਾ ਹੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਮੱਝਾਂ ਅਤੇ ਐੱਚ ਐੱਫ ਗਾਵਾਂ 61467 ਰੁਪਏ, ਦੇਸੀ ਗਾਂ 43018 ਰੁਪਏ, ਭੇਡ ਤੇ ਬੱਕਰੀ 2032 ਰੁਪਏ, ਮਾਦਾ ਸੂਰ 8169 ਰੁਪਏ ਪਸ਼ੂ ਪਾਲਕ ਲੋੜੀਂਦੀ ਰਕਮ ਕਾਰਡ ਵਿੱਚੋਂ ਸਮੇਂ-ਸਮੇਂ ’ਤੇ ਕਢਵਾ ਸਕਦੇ ਹਨ। ਡਾ. ਵਾਲੀਆ ਵੱਲੋਂ ਬਰਨਾਲਾ ਦੇ ਮੁਹਰਾ ਪ੍ਰੋਜਨੀ ਟੈਸਟਿੰਗ ਪ੍ਰਾਜੈਕਟ ਦੀ ਸਮੀਖਿਆ ਕੀਤੀ ਗਈ, ਜਿਸ ਦੌਰਾਨ ਬਰਨਾਲਾ ਦੇ ਪਿੰਡ ਬਡਬਰ ਵਿੱਚ ਤਾਇਨਾਤ ਵੈਟਰਨਰੀ ਇੰਸਪੈਕਟਰ ਡਾ. ਸੁਖਹਰਮਨਦੀਪ ਸਿੰਘ ਨੂੰ ਮੁਹਰਾ ਪ੍ਰੋਜਨੀ ਟੈਸਟਿੰਗ ਪ੍ਰਾਜੈਕਟ ਅਧੀਨ ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਕੰਮ ਕਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ। ਦੋ ਹੋਰਾਂ ਦਾ ਸਨਮਾਨ ਵੀ ਹੋਇਆ। ਇਸ ਮੌਕੇ ਡਾ. ਕ੍ਰਿਸ਼ਨ ਕੁਮਾਰ ਡਿਪਟੀ ਡਾਇਰੈਕਟਰ ਬਰਨਾਲਾ, ਡਾ. ਰਵੀ ਗਾਬਾ ਡਿਪਟੀ ਡਾਇਰੈਕਟਰ ਪਟਿਆਲਾ, ਡਾ. ਅਮਿਤ ਖੁਰਾਨਾ ਪ੍ਰਾਜੈਕਟ ਕੋਆਰਡੀਨੇਟਰ ਮੁਹਰਾ ਪ੍ਰੋਜਨੀ ਟੈਸਟਿੰਗ ਪ੍ਰਾਜੈਕਟ ਪੰਜਾਬ, ਤੇ ਡਾ. ਪਰਮਪਾਲ ਸਿੰਘ ਵੈਟਨਰੀ ਅਫ਼ਸਰ ਸਦਰ ਦਫ਼ਤਰ ਮੁਹਾਲੀ ਵੀ ਸ਼ਾਮਲ ਸਨ।