ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਮਾਰਚ
ਦੇਸ਼ ਭਗਤ ਪਰਿਵਾਰਾਂ ਦੇ ਆਜ਼ਾਦੀ ਘੁਲਾਟੀਆਂ ਦੀ ਸੂਬਾ ਪੱਧਰੀ ਮੀਟਿੰਗ ਫਰੀਡਮ ਫਾਈਟਰ ਉਤਰਾਧਿਕਾਰੀ ਤਾਲਮੇਲ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਵਿਖੇ ਸਥਿਤ ਕਮੇਟੀ ਰੂਮ ਵਿੱਚ ਹੋਈ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪੀ.ਸੀ.ਐਸ. ਅਨਿਲ ਕੁਮਾਰ ਅਤੇ ਰੈਵੀਨਿਊ ਸੁਪਰਡੈਂਟ ਹਮੀਰ ਸਿੰਘ ਸੰਗਤੀਵਾਲਾ ਨੂੰ ਇਨ੍ਹਾਂ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਭੇਜਿਆ। ਆਜ਼ਾਦੀ ਘੁਲਾਟੀਆਂ ਦੇ ਇਨ੍ਹਾਂ ਪਰਿਵਾਰਾਂ ਨੇ ਸਰਕਾਰ ਵੱਲੋਂ ਅਣਦੇਖੀ ਕਰਨ ਦਾ ਸ਼ਿਕਵਾ ਜ਼ਾਹਿਰ ਕੀਤਾ। ਸਰਕਾਰ ਵੱਲੋਂ ਘੋਸ਼ਿਤ ਸਹੂੁਲਤਾਂ ਨੂੰ ਵੀ ਉਨ੍ਹਾਂ ਨੇ ਕਾਗਜ਼ਾਂ ਤੱਕ ਹੀ ਸੀਮਤ ਦੱਸਿਆ। ਸੂਬਾਈ ਕਨਵੀਨਰ ਪ੍ਰਕਾਸ਼ ਧਾਲੀਵਾਲ, ਨਵਤੇਜ ਭੱਠਲ, ਰਾਜਕੁਮਾਰ ਡਕਾਲਾ, ਅਮਰੀਕ ਸਿੰਘ ਕਲਿਹਾਣਾ, ਕਮਲਜੀਤ ਜਗਰਾਉਂ, ਗੁਰਮੀਤ ਮੋਹੀ, ਕੁਲਜੀਤ ਬੰਬੀਹਾ, ਇੰਦਰਪਾਲ ਧਾਲੀਵਾਲ, ਪਰਮਜੀਤ ਟਿਵਾਣਾ ਤੇ ਹੋਰਾਂ ਦਾ ਕਹਿਣਾ ਸੀ ਕਿ ਹਰ ਸਾਲ ਅਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲ਼ਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਸਰਕਾਰ ਕੋਈ ਯਤਨ ਨਹੀਂ ਕਰ ਰਹੀ ਹੈ। ਹੋਰ ਅਹੁਦੇਦਾਰਾਂ ਪ੍ਰੀਤਮ ਮਾਨ, ਬਲਜਿੰਦਰ ਲੁਧਿਆਣਾ, ਪ੍ਰਿੰਸੀਪਲ ਦਰਸ਼ਨ ਸਿੰਘ, ਅਜੀਤ ਧਾਲੀਵਾਲ, ਨਿਧਾਨ ਸਿੰਘ ਵਿਰਕ ਸਮੇਤ ਕਈ ਹੋਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸ਼ਹੀਦ ਏ ਆਜ਼ਮ ਭਗਤ ਸਿੰਘ ਤੇ ਸਾਥੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।