ਖੇਤਰੀ ਪ੍ਰਤੀਨਿਧ
ਪਟਿਆਲਾ, 7 ਅਕਤੂਬਰ
ਸਰਕਾਰੀ ਰਾਜਿੰਦਰਾ ਹਸਪਤਾਲ ਵੱਲੋ ਕੇਂਦਰ ਸਰਕਾਰ ਦੀ ਆਰਬੀਐੱਸਕੇ ਸਕੀਮ ਤਹਿਤ ਛੇ ਮਹੀਨਿਆਂ ਦੌਰਾਨ ਪੀਜੀਆਈ ਤੇ ਫੋਰਟਿਸ ਹਸਪਤਾਲਾਂ ਨੂੰ ਕਰੀਬ ਸੱਤ ਲੱਖ ਰੁਪਏ ਅਦਾ ਕਰਕੇ ਦਿਲ ਦੇ ਜਮਾਂਦਰੂ ਰੋਗ ਵਾਲੇ 90 ਸਕੂਲੀ ਵਿਦਿਆਰਥੀਆਂ ਦਾ ਮੁਫਤ ਇਲਾਜ ਕਰਵਾਇਆ ਗਿਆ ਹੈ। ਜਦੋਂਕਿ ਇੱਥੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰਬੀਐੱਸਕੇ) ਤਹਿਤ 18 ਸਾਲ ਤੱਕ ਦੇ ਸਰਕਾਰੀ ਅਤੇ ਏਡਿਡ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਹੋਣ ਵਾਲੀਆਂ ਦਿਲ ਦੀਆਂ ਕਈ ਹੋਰ ਜਮਾਂਦਰੂ ਬਿਮਾਰੀਆਂ ਦਾ ਵੀ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ਵਿਚ ਵਿੰਗੇ-ਟੇਢੇ ਪੈਰ, ਕੰਨਾਂ ਦੀਆਂ ਮਸ਼ੀਨਾਂ ਤੇ ਪਲਾਸਟਿਕ ਸਰਜਰੀ ਸਮੇਤ 40 ਹੋਰ ਰੋਗ ਸ਼ਾਮਲ ਹਨ। ਇਨ੍ਹਾਂ ਵਿਚੋਂ ਪੈਰਾਂ ਅਤੇ ਅੱਖਾਂ ਆਦਿ ਦੀ ਸਰਜਰੀ ਤਾਂ ਰਾਜਿੰਦਰਾ ਹਸਪਤਾਲ ਵਿਚ ਹੀ ਕੀਤੀ ਜਾਂਦੀ ਹੈ,ਪਰ ਦਿਲ ਦੇ ਰੋਗਾਂ ਦਾ ਇਲਾਜ ਪੀਜੀਆਈ ਅਤੇ ਫੋਰਟਿਸ ਵਰਗੇ ਪ੍ਰਮੁੱਖ ਹਸਪਤਾਲਾਂ ਵਿਚੋਂ ਕਰਵਾਈ ਜਾਂਦੀ ਹੈ। ਇਸ ਦੀ ਬਣਦੀ ਅਦਾਇਗੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਰਾਹੀਂ ਹੀ ਅਦਾ ਕੀਤੀ ਜਾਂਦੀ ਹੈ।
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਰਾਜਿੰਦਰਾ ਹਸਪਤਾਲ ਵਿੱਚ ਆਰਬੀਐੱਸਕੇ ਸਕੀਮ ਤਹਿਤ ਬੱਚਿਆਂ ਦੇ ਕੀਤੇ ਜਾਂਦੇ ਇਲਾਜ ਦਾ ਜਾਇਜ਼ਾ ਲੈਂਦਿਆਂ, ਕਿਹਾ ਹੈ ਕਿ ਸੂਬੇ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ‘ਆਪ’ ਸਰਕਾਰ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਸਮੇਂ ਵੱਖ-ਵੱਖ ਬਿਮਾਰੀਆਂ ਵਾਲੇ 2800 ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾ.ਹਰਸ਼ਿੰੰਦਰ ਕੌਰ ਨੇ ਇਹ ਵੀ ਦੱਸਿਆ ਕਿ ਰਾਜਿੰਦਰਾ ਹਸਪਤਾਲ ਨੇ ਇੱਕ ਬੱਚੇ ਦਾ ਬੋਨ ਮੈਰੋ ਤਬਦੀਲ ਕਰਵਾਉਣ ਦਾ ਅਪਰੇਸ਼ਨ ਵੀ ਕਰਵਾਇਆ ਹੈ।
ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਆਰਬੀਐੱਸਕੇ ਸਕੀਮ ਤਹਿਤ ਸਰਕਾਰ ਸਮੇਂ 12.80 ਲੱਖ ਰੁਪਏ ਦੀਆਂ 32 ਕੰਨਾਂ ਦੀਆਂ ਮਸ਼ੀਨਾਂ, ਵਿੰਗੇ-ਟੇਡੇ ਪੈਰਾਂ ਦੇ 9 ਅਪਰੇਸ਼ਨ, ਦੌਰਿਆਂ ਦੇ 900 ਮਰੀਜ਼, ਜਿਨ੍ਹਾਂ ਨੂੰ 5000 ਰੁਪਏ ਦੀ ਦਵਾਈ ਹਰ ਮਹੀਨੇ ਮੁਫ਼ਤ ਦਿੱਤੀ ਜਾਂਦੀ ਹੈ। ਦਮੇ ਦੇ 150, ਨਜ਼ਰ ਦੇ 22, ਲਰਨਿੰਗ ਡਿਸਆਰਡਰ ਦੇ 48 ਤੋਂ ਇਲਾਵਾ ਵਿਟਾਮਿਨਾਂ ਤੇ ਹੋਰ ਸਰੀਰਕ ਘਾਟਾਂ ਵਾਲੇ 1500 ਵਿਦਿਆਰਥੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹਰ ਬੁੱਧਵਾਰ ਅਤੇ ਸ਼ਨਿਚਰਵਾਰ ਨੂੰ ਰਜਿੰਦਰਾ ਹਸਪਤਾਲ ਦੀ ਐੱਮਸੀਐੱਚ ਇਮਾਰਤ ਵਿੱਚ ਦਿਖਾਇਆ ਜਾ ਸਕਦਾ ਹੈ, ਜਿੱਥੇ ਇਨ੍ਹਾਂ ਬੱਚਿਆਂ ਦੇ ਸਾਰੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।