ਪੱਤਰ ਪ੍ਰੇਰਕ
ਘਨੌਰ, 4 ਅਗਸਤ
ਥਾਣਾ ਘਨੌਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਸਰਵਾਰਾ ਵਾਸੀ ਪਿੰਡ ਲਾਛੜੂ ਕਲਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਦਲਬੀਰ ਸਿੰਘ, ਅਰਸ਼ਪ੍ਰੀਤ ਸਿੰਘ ਵਾਸੀਆਨ ਪਿੰਡ ਸੁਰਮੁੱਖ ਸਿੰਘ ਕੋਟਲਾ ਥਾਣਾ ਸ੍ਰੀ ਚਮਕੌਰ ਸਾਹਿਬ ਅਤੇ ਕੁਲਬੀਰ ਸਿੰਘ ਵਾਸੀ ਸ੍ਰੀ ਆਨੰਦਪੁਰ ਸਾਹਿਬ ਨੂੰ ਵਿਦੇਸ਼ ਭੇਜਣ ਲਈ ਵੱਖ ਵੱਖ ਤਰੀਕਿਆਂ ਨਾਲ ਮੁਦਈ ਕੋਲੋਂ 9.50 ਲੱਖ ਰੁਪਏ ਲਏ ਸਨ। ਜੋ ਬਾਅਦ ਵਿੱਚ ਨਾ ਮੁਦਈ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਥਾਣਾ ਮੁਖੀ ਨੇ ਦੱਸਿਆ ਕਿ ਪਰਵਿੰਦਰ ਸਿੰਘ ਸਰਵਾਰਾ ਵੱਲੋਂ ਉਕਤ ਵਿਅਕਤੀਆਂ ਖਿਲਾਫ 6 ਸਤੰਬਰ 2021 ਨੂੰ ਕੀਤੀ ਗਈ ਸ਼ਿਕਾਇਤ ਜਾਂਚ ਉਪਰੰਤ ਉਕਤ ਤਿੰਨ ਵਿਅਕਤੀਆਂ ਖਿਲਾਫ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।