ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਜੂਨ
ਇਥੇ ਸਰਕਾਰੀ ਕਾਲਜ ਮਹਿੰਦਰਾ, ਸਟੇਟ ਕਾਲਜ ਆਫ ਐਜੂਕੇਸ਼ਨ, ਫਿਜ਼ੀਕਲ, ਬਿਕਰਮ ਅਤੇ ਵਿਮੈੱਨ ਕਾਲਜ ਦੇ ਚੌਥਾ ਦਰਜਾ ਕਰਮਚਾਰੀਆਂ ਅਤੇ ਡੇਲੀਵੇਜਿਜ਼ ਕਰਮੀਆਂ ਦੀ ਇਕੱਤਰਤਾ ਹੋਈ, ਜਿਸ ਵਿੱਚ ਸੂਬੇ ਦੇ ਪ੍ਰਮੁੱਖ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੌਲੱਖਾ, ਮਾਧੋ ਲਾਲ, ਰਾਮਲਾਲ ਰਾਮਾ, ਸੁਰਜ ਪਾਲ ਯਾਦਵ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ ਸ਼ਾਮਲ ਹੋਏ। ਇਸ ਦੌਰਾਨ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚ ਕਰਮੀਆਂ ਨੂੰ ਘੱਟੋ ਘੱਟ ਉਜਰਤਾ ਦੇਣ, ਸੇਵਾਵਾਂ ਪੱਕੀਆਂ ਕਰਨ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਸਮੇਤ 10 ਸੂਤਰੀ ਮੰਗ ਪੱਤਰ ਤਿਆਰ ਕੀਤਾ ਗਿਆ। ਇਸ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਸਰਕਾਰ ਨੇ ਮੁੁਲਾਜ਼ਮ ਭੱਤਿਆਂ ਵਿੱਚ ਕਟੌਤੀ ਕਰਕੇ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਕੀਤੀ ਹੈ, ਜਿਸ ਵਿਰੁੱਧ ਯੂਨੀਅਨ ਵਲੋਂ 3 ਜੁਲਾਈ ਨੂੰ ਲੁਧਿਆਣਾ ਵਿੱਚ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਪਟਿਆਲਾ ਵਿਚਲੇ ਪੰਜ ਸਰਕਾਰੀ ਕਾਲਜਾਂ ਦੀ ਇੱਕ ਤਾਲਮੇਲ ਕਮੇਟੀ ਬਣਾਈ ਗਈ, ਜਿਸ ਵਿੱਚ ਚੇਅਰਮੈਨ ਰਾਮ ਜੋਧਾ, ਪ੍ਰਧਾਨ ਰਾਮ ਲਾਲ ਰਾਮਾ, ਜਨਰਲ ਸਕੰਤਰ ਸੀਵਚਰਨ, ਮੀਤ ਪ੍ਰਧਾਨ ਸੁਨੀਲ ਦੱਤ ਅਤੇ ਖਜਾਨਚੀ ਰਾਕੇਸ਼ ਕੁਮਾਰ ਸ਼ਾਮਲ ਕੀਤੇ ਗਏ।