ਪੱਤਰ ਪ੍ਰੇਰਕ
ਪਟਿਆਲਾ, 3 ਫਰਵਰੀ
ਵੱਖ ਵੱਖ ਵਿਭਾਗਾਂ ਦੀ ਜਥੇਬੰਦੀ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਨੇ 7 ਤੋਂ 14 ਫਰਵਰੀ 2022 ਤੱਕ ਰਵਾਇਤੀ ਪਾਰਟੀਆਂ ਸਮੇਤ ਨਵੀਆਂ ਰਜਿਸਟਰਡ ਹੋਈਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਦੇ ਵਿਧਾਨ ਸਭਾ ਹਲਕਾ ਵਾਰ, ਇਨ੍ਹਾਂ ਦੇ ਮੁੱਖ ਚੋਣ ਦਫ਼ਤਰਾਂ ਅੱਗੇ ਸੰਕੇਤਕ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ।
ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜ਼ਮਾਂ ਤੇ ਠੇਕੇਦਾਰੀ ਪ੍ਰਥਾ ਦੇ ਖ਼ਾਤਮੇ ਤੇ ਪੁਰਾਣੀ ਪੈਨਸ਼ਨ ਦੀ ਬਹਾਲੀ, ਵੇਤਨ ਕਮਿਸ਼ਨ ਦੇ ਬਕਾਏ, ਮਹਿੰਗਾਈ ਭੱਤਿਆਂ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਇਨ੍ਹਾਂ ਦੇ ਬਕਾਏ, ਚੌਥਾ ਦਰਜਾ ਮੁਲਾਜ਼ਮਾਂ ਦੇ ਸਾਲ 2011 ਤੋਂ ਮਿਲ ਰਿਹਾ ਵਿਸ਼ੇਸ਼ ਇੰਕਰੀਮੈਂਟ ਖੋਹਣ ਵਰਗੇ ਆਦਿ ਮੁੱਦਿਆਂ ਸਬੰਧੀ ਰੈਲੀਆਂ ਕਰਕੇ ਪਾਰਟੀ ਉਮੀਦਵਾਰਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ।
ਇਸ ਮੌਕੇ ਸੁਖਦੇਵ ਸਿੰਘ ਸੁਰਤਾਪੁਰੀ, ਰਣਜੀਤ ਸਿੰਘ ਰਾਣਵਾ, ਅਵਤਾਰ ਸਿੰਘ ਚੀਮਾ, ਜਸਵਿੰਦਰ ਪਾਲ ਉੱਘੀ, ਵੈਦ ਪ੍ਰਕਾਸ਼, ਚੰਦਨ ਸਿੰਘ, ਕ੍ਰਿਸ਼ਨ ਪ੍ਰਸਾਦ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਮੇਲਾ ਸਿੰਘ ਪੁਨਾਵਾਲ, ਰਮਨ ਸ਼ਰਮਾ, ਪਵਨ ਗੋਡਿਆਲ ਆਦਿ ਵੱਡੀ ਗਿਣਤੀ ਆਗੂ ਮੌਜੂਦ ਸਨ।