ਖੇਤਰੀ ਪ੍ਰਤੀਨਿਧ
ਪਟਿਆਲਾ, 21 ਦਸੰਬਰ
ਚੌਥਾ ਦਰਜਾ ਕਰਮਚਾਰੀਆਂ, ਕੰਟਰੈਕਟ, ਆਊਟ ਸੋਰਸ ਤੇ ਡੇਲੀਵੇਜਿਜ਼ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਇੱਥੇ ਸਿਵਲ ਸਰਜਨ ਦਫਤਰ ਅਤੇ ਮਾਤਾ ਕੁਸ਼ਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫਤਰ ਅੱਗੇ ਰੈਲੀਆਂ ਕੀਤੀਆਂ ਗਈਆਂ।
ਦਰਸ਼ਨ ਸਿੰਘ ਲੁਬਾਣਾ ਸਣੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਹਸਪਤਾਲਾਂ ਵਿੱਚ ਕੰਟਰੈਕਟ ਅਤੇ ਆਊਟ ਸੋਰਸ ’ਤੇ ਕੰਮ ਕਰ ਰਹੇ ਕਰਮੀਆਂ ਦੀਆਂ ਸੇਵਾਵਾਂ ਪੱਕੀਆਂ ਕੀਤੀਆਂ ਜਾਣ, ਘੱਟੋ-ਘੱਟ ਉਜਰਤਾਂ ਲਾਗੂ ਕੀਤੀਆਂ ਜਾਣ। ਈ.ਪੀ.ਐਫ., ਈ.ਐੱਸ.ਆਈ., ਬੋਨਸ, ਵਰਦੀਆਂ, ਕੰਮ ਕਰਨ ਵਾਲਾ ਸਾਮਾਨ, ਤਿਉਹਾਰੀ ਛੁੱਟੀਆਂ, ਡਿਊਟੀਆਂ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਅਤੇ ਠੇਕੇਦਾਰਾਂ ਦੁਆਰਾ ਕੀਤੀ ਜਾਂਦੀ ਲੁੱਟ ਖਸੁੱਟ ਖਤਮ ਕੀਤੀ ਜਾਵੇ। ਖਾਲੀ ਅਸਾਮੀਆਂ ਵਿਰੁੱਧ ਰੈਗੂਲਰ ਭਰਤੀ ਕੀਤੀ ਜਾਵੇ।
ਆਗੂਆਂ ਕਿਹਾ ਕਿ ਦਸਵੀਂ ਦੀ ਵਿੱਦਿਅਕ ਯੋਗਤਾ ਰੱਖਦੇ ਸਫਾਈ ਸੇਵਕਾਂ ਨੂੰ 800 ਰੁਪਏ ਵਾਧੂ ਤਨਖਾਹ ਕਿਰਤ ਵਿਭਾਗ ਦੇ ਫੈਸਲੇ ਅਨੁਸਾਰ ਦਿੱਤੀ ਜਾਵੇੇ। ਇਸ ਦੌਰਾਨ ਕੱਚੇ ਅਤੇ ਪੱਕੇ ਚੌਥਾ ਦਰਜਾ ਮੁਲਾਜ਼ਮਾਂ ਨੇ ਮਾਤਾ ਕੁਸ਼ਲਿਆ ਹਸਪਤਾਲ ਤੋਂ ‘ਝੂਠੇ ਲਾਰਿਆ ਦੀ ਪੰਡ’ ਚੁੱਕ ਕੇ ਬਾਜ਼ਾਰਾਂ ਵਿੱਚ ਮੁਜ਼ਾਹਰਾ ਕਰਦਿਆਂ ਮੈਡੀਕਲ ਕਾਲਜ ਪ੍ਰਿੰਸੀਪਲ ਦੀ ਰਿਹਾਇਸ਼ ਲੀਲਾ ਭਵਨ ਵਿੱਚ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ’ਤੇ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਰਾਮ ਕਿਸ਼ਨ, ਰਾਮ ਲਾਲ ਰਾਮ, ਗੁਰਦਰਸ਼ਨ ਸਿੰਘ, ਦਲਜੀਤ ਸਿੰਘ, ਅਨਿਲ ਗਾਗਟ, ਜਸਵੰਤ ਸਿੰਘ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਰਾਜੇਸ਼ ਗੋਲੂ, ਰਾਕੇਸ਼ ਕੁਮਾਰ, ਅਜੈ ਕੁਮਾਰ ਸਿੰਘ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਸੂਰਜ ਪਾਲ, ਪ੍ਰਵੀਨ ਕੁਮਾਰ, ਮੰਗਤ ਰਾਮ ਅਤੇ ਦਿਆ ਸ਼ੰਕਰ ਆਦਿ ਵੀ ਹਾਜ਼ਰ ਸਨ।