ਪੱਤਰ ਪ੍ਰੇਰਕ
ਦੇਵੀਗੜ੍ਹ, 15 ਨਵੰਬਰ
ਥਾਣਾ ਜੁਲਕਾਂ ਅਧੀਨ ਪਿੰਡ ਟੌਰਾਂ ਵਿਖੇ ਬੀਤੀ ਸ਼ਾਮ ਖੇਤਾਂ ਵਿੱਚ ਪਾਣੀ ਵਾਲੀ ਪਾਈਪ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਚੱਲ ਗਈ, ਜਿਸ ਦੌਰਾਨ 4 ਵਿਅਕਤੀ ਜ਼ਖਮੀ ਹੋ ਗਏ ਹਨ। ਪੁਲੀਸ ਅਨੁਸਾਰ ਪਿੰਡ ਟੌਰਾਂ ਦੇ ਰੁਪਿੰਦਰ ਸਿੰਘ ਪੁੱਤਰ ਸ਼ਾਮ ਸਿੰਘ, ਜਗਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ, ਗੁਰਜਿੰਦਰ ਸਿੰਘ ਪੁੱਤਰ ਠਾਕੁਰ ਸਿੰਘ ਤੇ ਬਲਕਾਰ ਸਿੰਘ ਪੁੱਤਰ ਗੁਰਬਚਨ ਸਿੰਘ ਆਪਣੇ ਖੇਤਾਂ ਤੋਂ ਪਿੰਡ ਨੂੰ ਜਾ ਰਹੇ ਸਨ। ਉਸ ਸਮੇਂ ਜੋਗਾ ਸਿੰਘ ਅਤੇ ਕਸ਼ਮੀਰ ਸਿੰਘ ਆਪਣੀ ਮੋਟਰ ਤੋਂ ਰਬੜ ਦੀ ਪਾਈਪ ਨਾਲ ਖੇਤਾਂ ਨੂੰ ਪਾਣੀ ਲਗਾ ਰਹੇ ਸਨ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ ਜਿਸ ਕਰਕੇ ਜੋਗਾ ਸਿੰਘ ਤੇ ਕਸ਼ਮੀਰ ਸਿੰਘ ਨੇ ਉਕਤ ਚਾਰ ਵਿਅਕਤੀਆਂ ’ਤੇ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਚਾਰੋ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਤਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਖਬਰ ਸੁਣਦੇ ਹੀ ਥਾਣਾ ਜੁਲਕਾਂ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਆਪਣੀ ਪੁਲੀਸ ਪਾਰਟੀ ਨਾਲ ਘਟਨਾ ਵਾਲੀ ਥਾਂ ’ਤੇ ਪੁੱਜੇ ਜਿਨ੍ਹਾਂ ਨੇ ਜ਼ਖਮੀਆਂ ਨੂੰ ਮੁੱਢਲਾ ਸਿਹਤ ਕੇਂਦਰ ਦੁੂਧਨਸਾਧਾਂ ਵਿੱਚ ਦਾਖਲ ਕਰਵਾਇਆ। ਇਸ ਸਬੰਧੀ ਥਾਣਾ ਜੂਲਕਾਂ ਦੀ ਪੁਲੀਸ ਨੇ ਮੁਦੱਈ ਦੇ ਬਿਆਨਾਂ ’ਤੇ ਨਿਰਮਲ ਸਿੰਘ, ਬਾਜ ਸਿੰਘ, ਪ੍ਰਮਜੀਤ ਸਿੰਘ, ਕਸ਼ਮੀਰ ਸਿੰਘ, ਹਰਚੰਦ ਸਿੰਘ, ਬਬਲੀ ਉਰਫ ਜਸਮੇਰ ਸਿੰਘ, ਸ਼ਾਮ ਸਿੰਘ ਅਤੇ ਜੋਗਾ ਸਿੰਘ ਉਰਫ ਅਮਰੀਕ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।