ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਜ਼ਿਲ੍ਹਾ ਪਟਿਆਲਾ ਦੇ ਚਾਰ ਹੋਰ ਵਸਨੀਕ ਅੱਜ ਕਰੋਨਾ ਨਾਲ ਜੰਗ ਹਾਰ ਗਏ ਹਨ, ਜਿਸ ਕਾਰਨ ਜ਼ਿਲ੍ਹੇ ’ਚ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਹੁਣ 179 ਹੋ ਗਈ ਹੈ। ਇਨ੍ਹਾਂ ਮਿਤਕਾਂ ਵਿੱਚੋਂ ਤਿੰਨ ਪਟਿਆਲਾ ਸ਼ਹਿਰ ਨਾਲ ਹੀ ਸਬੰਧਤ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਪਟਿਆਲਾ ਦੀ ਧੀਰੂ ਕੀ ਮਾਜਰੀ ਵਿੱਚ ਰਹਿਣ ਵਾਲੀ 60 ਸਾਲਾ ਔਰਤ ਸਾਹ ਦੀ ਦਿੱਕਤ ਕਾਰਨ ਰਾਜਿੰਦਰਾ ਹਸਪਤਾਲ ਦਾਖ਼ਲ ਹੋਈ ਸੀ। ਅਰਬਨ ਅਸਟੇਟ ਫੇਜ਼ ਇੱਕ ਦੀ ਰਹਿਣ ਵਾਲੀ 52 ਸਾਲਾ ਔਰਤ ਨਾਲ ਸ਼ੂਗਰ ਤੋਂ ਪੀੜਤ ਸੀ, ਜੋ ਨਿੱਜੀ ਹਸਪਤਾਲ ਵਿੱਚ ਦਾਖ਼ਲ ਸੀ ਜਦਕਿ ਪਟਿਆਲਾ ਦੇ ਤ੍ਰਿਪੜੀ ਏਰੀਏ ਵਿੱਚ ਰਹਿਣ ਵਾਲਾ 60 ਸਾਲਾ ਵਿਅਕਤੀ ਵੀ ਸ਼ੂੁਗਰ ਤੋਂ ਪੀੜਤ ਸੀ। ਨਾਭਾ ਦੀ ਦਸਮੇਸ਼ ਕਲੋਨੀ ਦੀ ਰਹਿਣ ਵਾਲੀ ਚੌਥੀ ਮ੍ਰਿਤਕਾ 60 ਸਾਲਾ ਮਹਿਲਾ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਸੀ ਅਤੇ ਪੀਜੀਆਈ ਚੰਡੀਗੜ੍ਹ ਦਾਖ਼ਲ ਸੀ।
ਅੱਜ ਜ਼ਿਲ੍ਹੇ ਵਿੱਚ 218 ਹੋਰ ਕੋਵਿਡ- 19 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸੱਜਰੇ ਪਾਜ਼ੇਟਿਵ ਆਏ ਇਨ੍ਹਾਂ ਮਰੀਜ਼ਾਂ ਵਿੱਚੋਂ 87 ਸ਼ਾਹੀ ਸ਼ਹਿਰ ਪਟਿਆਲਾ ਨਾਲ ਸਬੰਧਤ ਹਨ ਜਦਕਿ 37 ਰਾਜਪੁਰਾ, 5 ਸਮਾਣਾ, 5 ਨਾਭਾ, 22 ਬਲਾਕ ਭਾਦਸੋਂ, 29 ਬਲਾਕ ਕੌਲੀ, 13 ਬਲਾਕ ਕਾਲੋਮਾਜਰਾ, 14 ਬਲਾਕ ਹਰਪਾਲਪੁਰ, ਇੱਕ ਬਲਾਕ ਦੁਧਨਸਾਧਾਂ ਅਤੇ 5 ਬਲਾਕ ਸ਼ੁਤਰਾਣਾ ਤੋਂ ਰਿਪੋਰਟ ਹੋਏ ਹਨ।
ਅੱਜ ਵੀ ਜ਼ਿਲ੍ਹੇ ਭਰ ਵਿੱਚੋਂ ਹੋਰ ਸੈਂਪਲ ਲੈ ਕੇ ਟੈਸਟ ਲਈ ਲੈਬ ’ਚ ਭੇਜੇ ਗਏ ਹਨ। ਇਸ ਦੌਰਾਨ ਹੀ ਪਟਿਆਲਾ ਸ਼ਹਿਰ ਵਿਚਲੀ ਸ਼ੇਰ-ਏ-ਪੰਜਾਬ ਮਾਰਕੀਟ ਵਿੱਚ ਵੀ ਅੱਜ ਸੈਂਪਲ ਲੈਣ ਹਿੱਤ ਕੈਂਪ ਲੱਗਾ, ਜਿਸ ਦੀ ਸ਼ੁਰੂਆਤ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਦਾ ਸੈਂਪਲ ਲੈਣ ਨਾਲ ਹੋਈ। ਸ੍ਰੀ ਬਜਾਜ ਦਾ ਕਹਿਣਾ ਸੀ ਕਿ ਹਰ ਵਿਅਕਤੀ ਨੂੰ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਹ ਸਾਡੇ ਸਾਰਿਆਂ ਦੇ ਭਲੇ ਲਈ ਗੱਲ ਹੈ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ’ਚ ਅੱਜ ਕਰੋਨਾ ਜਾਨਲੇਵਾ ਸਾਬਤ ਨਹੀਂ ਹੋਇਆ। ਅੱਜ 58 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ 47 ਮਰੀਜ਼ਾਂ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ 3123 ਕਰੋਨਾ ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 2455 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ’ਚ ਕਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 543 ਹੈ ਜਿਨ੍ਹਾਂ ’ਚੋਂ 5 ਦੀ ਹਾਲਤ ਗੰਭੀਰ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ 125 ਮੌਤਾਂ ਹੋ ਚੁੱਕੀਆਂ ਹਨ।
ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਅੱਜ 58 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚੋਂ ਸੰਗਰੂਰ ਬਲਾਕ ’ਚ 12 ਮਰੀਜ਼, ਬਲਾਕ ਧੂਰੀ ’ਚ 7 ਮਰੀਜ਼, ਬਲਾਕ ਸ਼ੇਰਪੁਰ ’ਚ 3 ਮਰੀਜ਼, ਬਲਾਕ ਫਤਹਿਗੜ੍ਹ ਪੰਜਗਰਾਈਆਂ ’ਚ 11 ਮਰੀਜ਼, ਬਲਾਕ ਸੁਨਾਮ ’ਚ ਇੱਕ ਮਰੀਜ਼, ਬਲਾਕ ਕੌਹਰੀਆਂ ’ਚ 4 ਮਰੀਜ਼, ਬਲਾਕ ਲੌਂਗੋਵਾਲ ’ਚ 8 ਮਰੀਜ਼, ਬਲਾਕ ਮਾਲੇਰਕੋਟਲਾ ’ਚ 2 ਮਰੀਜ਼, ਬਲਾਕ ਭਵਾਨੀਗੜ੍ਹ ’ਚ 3 ਮਰੀਜ਼, ਬਲਾਕ ਅਮਰਗੜ੍ਹ ’ਚ 4 ਮਰੀਜ਼ ਅਤੇ ਬਲਾਕ ਅਹਿਮਦਗੜ੍ਹ ’ਚ 3 ਮਰੀਜ਼ ਸ਼ਾਮਲ ਹਨ। ਅੱਜ ਜ਼ਿਲ੍ਹੇ ’ਚ 47 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਵਿੱਚ ਸਥਿਤ ਕੋਵਿਡ ਕੇਅਰ ਸੈਂਟਰ ਤੋਂ 8 ਮਰੀਜ਼ਾਂ ਅਤੇ 39 ਮਰੀਜ਼ਾਂ ਨੇ ਹੋਮ ਆਈਸੋਲੇਸ਼ਨ ’ਚ ਰਹਿੰਦਿਆਂ ਕਰੋਨਾ ਦੀ ਜੰਗ ਜਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 66270 ਵਿਅਕਤੀਆਂ ਦੇ ਕਰੋਨਾ ਟੈਸਟ ਹੋ ਚੁੱਕੇ ਹਨ ਜਿਨ੍ਹਾਂ ’ਚੋਂ 62282 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਜਦਕਿ 3123 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ’ਚ 2455 ਮਰੀਜ਼ ਕਰੋਨਾ ਨੂੰ ਹਰਾ ਕੇ ਤੰਦਰੁਸਤ ਹੋ ਚੁੱਕੇ ਹਨ। ਹੁਣ ਤੱਕ 125 ਮੌਤਾਂ ਹੋ ਚੁੱਕੀਆਂ ਹਨ। ਜ਼ਿਲ੍ਹੇ ’ਚ ਹੁਣ 543 ਐਕਟਿਵ ਮਰੀਜ਼ ਹਨ ਜਿਨ੍ਹਾਂ ’ਚ 5 ਦੀ ਹਾਲਤ ਗੰਭੀਰ ਹੈ।