ਪਟਿਆਲਾ ਜ਼ਿਲੇ ’ਚ ਕਰੋਨਾ ਨਾਲ ਚਾਰ ਹੋਰ ਜਾਨਾਂ ਗਈਆਂ

ਪਟਿਆਲਾ ਜ਼ਿਲੇ ’ਚ ਕਰੋਨਾ ਨਾਲ ਚਾਰ ਹੋਰ ਜਾਨਾਂ ਗਈਆਂ

ਪਟਿਆਲਾ ਜ਼ਿਲ੍ਹੇ ’ਚ ਸੈਂਪਲ ਦੇਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਲੋਕ।

ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਸਤੰਬਰ 

ਪਟਿਆਲਾ  ਜ਼ਿਲੇ ’ਚ ਅੱਜ ਕਰੋਨਾ  ਮਹਾਂਮਾਰੀ ਦੌਰਾਨ ਚਾਰ ਹੋਰ ਜਾਨਾ ਚਲੀਆਂ ਗਈਆਂ। ਜਿਸ ਨਾਲ਼ ਕਾਨੂੰਨ ਦੇ ਅਧੀਨ ਧਾਰਾ 302 ਕਤਲ ਅਧਾਰਤ ਸੰਗੀਨ ਅਪਰਾਧਿਕ ਮਾਮਲਿਆਂ ਦੀ ਤਰਜਮਾਨੀ ਕਰਦੀ ਹੈ। ਇਥੇ ਵੀ ਇਤਫਾਕ ਨਾਲ਼ ਇਹ ਧਾਰਾ 302 ਅੱਜ ਆਪਣਾ  ਦੋਹਰਾ ਰੋਲ ਅਦਾ ਕਰ ਗਈ ਹੈ। ਕਿਉਂਕਿ ਕਰੋਨਾ ਨਾਲ ਹੋਈਆਂ ਮੌਤਾਂ ਨੂੰ ਵੀ ਜੇ ਲੋਕਾਂ ਦਾ  ਕੀਤਾ ਗਿਆ ਕਤਲ ਆਖ ਲਿਆ ਜਾਵੇ, ਤਾਂ ਇਸ ਵਿਚ  ਕੋਈ ਅਤਿ ਕਥਨੀ ਨਹੀਂ। ਇਸ ਦੇ ਨਾਲ਼ ਹੀ ਕਾਨੂੰਨ ਦੀ  ਇਸ ਧਾਰਾ ਦੀ ਤਰਾਂ ਹੀ  ਕਰੋਨਾ ਵੱਲੋਂ ਮੌਤ ਦੇ ਘਾਟ ਉਤਾਰੇ ਗਏ ਪਟਿਆਲਵੀਆਂ ਦੀ ਗਿਣਤੀ ਵੀ ਅੱਜ ਕਤਲ ਦੀ ਧਾਰਾ 302 ਦੀ ਤਰਾਂ ਹੀ  302 ਹੋ ਗਈ ਹੈ। ਕਰੋਨਾ ਨੇ  ਇਥੋਂ ਦੇ 302 ਵਿਅਕਤੀਆਂ ’ਤੇ ਕਤਲ ਦੀ ਧਾਰਾ 302 ਵਾਲ਼ਾ  ਕਹਿਰ ਢਾਹ ਦਿੱਤਾ  ਹੈ। 

ਇਨ੍ਹਾਂ ’ਚੋਂ ਇੱਕ ਮੌਤ ਪਟਿਆਲਾ ਸ਼ਹਿਰ, ਇੱਕ ਨਾਭਾ, ਇੱਕ ਸਮਾਣਾ, ਅਤੇ ਇੱਕ ਬਲਾਕ ਹਰਪਾਲਪੁਰ ਨਾਲ ਸਬੰਧਤ ਸੀ। ਪਟਿਆਲਾ ਦੇ ਰਤਨ ਨਗਰ ਤ੍ਰਿਪੜੀ ਦਾ ਰਹਿਣ ਵਾਲਾ 64 ਸਾਲਾ ਪੁਰਸ਼, ਸ਼ੁਗਰ ਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ। ਪਿੰਡ ਚਤਹਿਰਾ ਤਹਿਸੀਲ ਸਮਾਣਾ ਦਾ 45 ਸਾਲਾ ਮ੍ਰਿਤਕ ਵੀ  ਹਾਈਪਰਟੈਂਸ਼ਨ ਦਾ ਮਰੀਜ਼ ਸੀ। ਪਿੰਡ ਸੰਧਾਰਸੀ ਦਾ ਰਹਿਣ ਵਾਲਾ 69 ਸਾਲਾ ਪੁਰਸ਼ ਵੀ  ਸ਼ੁਗਰ ਤੇ ਬੀਪੀ ਤੋਂ ਪੀੜਤ ਸੀ।  ਬੇਦੀਆਂ ਸਟਰੀਟ ਨਾਭਾ ਦੀ ਰਹਿਣ  69 ਸਾਲਾ ਔਰਤ ਸਾਹ ਦੀ ਦਿੱਕਤ ਕਾਰਨ ਦਾਖਲ ਸੀ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ  ਕਹਿਣਾ  ਹੈ ਕਿ ਇਹ ਸਾਰੇ ਮਰੀਜ਼ ਹਸਪਤਾਲਾਂ ’ਚ ਦਾਖਲ ਸਨ। ਜਿਸ ਨਾਲ਼ ਕਰੋਨਾ ਨਾਲ਼ ਹੋਈਆਂ ਮੌਤਾਂ ਦੀ ਗਿਣਤੀ 302 ਹੋ ਗਈ ਹੈ। ਦੂਜੇ ਬੰਨ੍ਹੇ ਅੱਜ 135 ਵਿਅਕਤੀ  ਹੋਰ ਕਰੋਨਾ ਪਾਜੇਟਿਵ ਪਾਏ ਗਏ  ਹਨ। 

ਸੰਗਰੂਰ (ਗੁਰਦੀਪ ਸਿੰਘ ਲਾਲੀ) ਜ਼ਿਲ੍ਹਾ ਸੰਗਰੂਰ ’ਚ ਦੋ ਮਹਿਲਾਵਾਂ ਸਮੇਤ ਤਿੰਨ ਕਰੋਨਾ ਪੀੜ੍ਹਤ ਮਰੀਜ਼ਾਂ ਦੀ ਮੌਤ ਹੋ ਗਈ ਹੈ।  ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 134 ਤੱਕ ਜਾ ਪੁੱਜੀ ਹੈ। ਅੱਜ 32 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 71 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 3355 ਹੋ ਚੁੱਕੀ ਹੈ ਜਿਨ੍ਹਾਂ ’ਚੋਂ 2763 ਤੰਦਰੁਸਤ ਹੋ ਚੁੱਕੇ ਹਨ। ਹੁਣ ਐਕਟਿਵ ਕੇਸਾਂ ਦੀ ਗਿਣਤੀ 458 ਹੈ ਜਿਨ੍ਹਾਂ ’ਚੋਂ 3 ਦੀ ਹਾਲਤ ਗੰਭੀਰ ਹੈ।  ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਅੱਜ ਜ਼ਿਲ੍ਹੇ ’ਚ ਕਰੋਨਾ ਨਾਲ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ ਇੱਕ 70 ਸਾਲਾ ਮਹਿਲਾ ਅੰਬੇਦਕਰ ਨਗਰ ਸੰਗਰੂਰ ਦੀ ਰਹਿਣ ਵਾਲੀ ਸੀ ਜੋ ਕਰੋਨਾ ਪਾਜ਼ੇਟਿਵ ਹੋਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਦਾਖਲ ਸੀ। ਇਸ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਇਸਤੋਂ ਇਲਾਵਾ 70 ਸਾਲਾ ਵਿਅਕਤੀ ਪਿੰਡ ਭਸੌੜ ਬਲਾਕ ਅਮਰਗੜ੍ਹ ਦਾ ਵਸਨੀਕ ਸੀ ਜੋ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਜ਼ੇਰੇ ਇਲਾਜ ਸੀ। ਕਰੋਨਾ ਪਾਜ਼ੇਟਿਵ ਇਹ ਮਰੀਜ਼ ਵੀ ਜਿੰਦਗੀ ਦੀ ਜੰਗ ਹਾਰ ਗਿਆ। ਇਸਤੋਂ ਇਲਾਵਾ 45 ਸਾਲਾ ਮਹਿਲਾ ਪਿੰਡ ਬਘਰੌਲ ਬਲਾਕ ਕੌਹਰੀਆਂ ਦੀ ਵਸਨੀਕ ਸੀ ਜੋ ਕਿ ਕਰੋਨਾ ਪਾਜ਼ੇਟਿਵ ਸੀ ਤੇ ਗਰੇਸੀ ਹਸਪਤਾਲ ਮੁਹਾਲੀ ਵਿਖੇ ਜ਼ੇਰੇ ਇਲਾਜ ਸੀ। ਇਹ ਮਹਿਲਾ ਵੀ ਜਿੰਦਗੀ ਦੀ ਜੰਗ ਹਾਰ ਗਈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਮ੍ਰਿਤਕਾਂ ਦੀ ਗਿਣਤੀ 134 ਤੱਕ ਜਾ ਪੁੱਜੀ ਹੈ ਤੇ ਸਭ ਤੋਂ ਵੱਧ 26 ਮੌਤਾਂ ਬਲਾਕ ਸੰਗਰੂਰ ’ਚ ਹੋਈਆਂ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All