ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 21 ਮਈ
ਦੇਵੀਗੜ੍ਹ-ਪਹੇਵਾ ਰਾਜ ਮਾਰਗ ਤੇ ਪਿੰਡ ਛੰਨਾਂ ਨੇੜੇ ਅੱਜ ਦੁਪਹਿਰ ਬਾਅਦ ਇੱਕ ਹਾਦਸਾ ਵਾਪਰਿਆ, ਜਿਸ ਵਿੱਚ ਕਟਾਈ ਅਧੀਨ ਇੱਕ ਵੱਡਾ ਸਫੈਦਾ ਸੜਕ ’ਤੇ ਜਾਂਦੀ ਇਨੋਵਾ ਗੱਡੀ ਨੰਬਰ ਪੀ.ਬੀ. 33 ਈ-6500 ਉਪਰ ਡਿੱਗ ਗਿਆ ਜਿਸ ਕਾਰਨ ਸਫੈਦਾ ਭਾਰਾ ਹੋਣ ਕਰਕੇ ਇਨੋਵਾ ਗੱਡੀ ਚਕਨਾਚੂਰ ਹੋ ਗਈ, ਜਿਸ ਦਾ ਭਾਰੀ ਨੁਕਸਾਨ ਹੋ ਗਿਆ ਹੈ। ਇਸ ਵਿੱਚ ਬੈਠੇ ਚਾਰ ਮੁਸਾਫ਼ਿਰਾਂ ਦੇ ਕਾਫੀ ਸੱਟਾਂ ਲੱਗੀਆਂ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਵੀਗੜ੍ਹ-ਪਹੇਵਾ ਰਾਜ ਮਾਰਗ ਤੇ ਪਿੰਡ ਛੰਨਾਂ ਨੇੜੇ ਸੜਕ ਦੇ ਕਿਨਾਰਿਆਂ ਤੋਂ ਸੁੱਕੇ ਸਫੈਦੇ ਮਹਿਕਮਾ ਜੰਗਲਾਤ ਵੱਲੋਂ ਠੇਕੇਦਾਰ ਰਾਹੀਂ ਵੱਢਵਾਏ ਜਾ ਰਹੇ ਸਨ। ਇਸ ਦੌਰਾਨ ਸੜਕ ’ਤੇ ਆਵਾਜਾਈ ਵੀ ਚੱਲ ਰਹੀ ਸੀ ਜਿਸ ਨੂੰ ਰੋਕ ਦਿੱਤਾ ਗਿਆ ਸੀ ਪਰ ਜਦੋਂ ਸਫੈਦੇ ਨੂੰ ਰੱਸਾਂ ਬੰਨ੍ਹ ਕੇ ਹੇਠਾਂ ਡੇਗਣਾ ਸੀ ਤਾਂ ਆਵਾਜਾਈ ਨਹੀਂ ਰੋਕੀ ਗਈ। ਇਸ ਅਣਗਹਿਲੀ ਕਾਰਨ ਭਾਰੀ ਸਫੈਦਾ ਇਨੋਵਾ ਗੱਡੀ ਉਪਰ ਡਿੱਗ ਗਿਆ। ਹਾਦਸੇ ਵਿੱਚ ਗੱਡੀ ਚਕਨਾਚੂਰ ਹੋ ਗਈ ਅਤੇ ਚਾਰ ਮੁਸਾਫਿਰਾਂ ਜਸਵੀਰ ਸਿੰਘ ਚੰਡੀਗੜ੍ਹ, ਹਰਮੇਲ ਸਿੰਘ, ਹਰਪਾਲ ਸਿੰਘ ਕਸੌਲੀ, ਜੁਝਾਰ ਸਿੰਘ ਵਿਆੜਾ ਨੂੰ ਕਾਫੀ ਸੱਟਾਂ ਵੱਜੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਕੁਰਕਸ਼ੇਤਰ ਦੇ ਪਿੰਡ ਰਾੜਾ ਤੋਂ ਇੱਕ ਵਿਆਹ ਸਮਾਗਮ ਵਿੱਚੋਂ ਵਾਪਸ ਆਪਣੇ ਘਰ ਚੰਡੀਗੜ੍ਹ ਨੂੰ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਇਸ ਦੌਰਾਨ ਥਾਣਾ ਜੁਲਕਾਂ ਤੋਂ ਸਹਾਇਕ ਥਾਣੇਦਾਰ ਬਲਜੀਤ ਸਿੰਘ ਹੋਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਦੱਸਿਆ ਕਿ ਦਰੱਖਤ ਵੱਢਣ ਵਾਲੇ ਵਿਅਕਤੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।