ਖੇਤਰੀ ਪ੍ਰਤੀਨਿਧ
ਪਟਿਆਲਾ, 11 ਜੁਲਾਈ
ਪਿੰਡ ਖਡੌਲੀ ਵਾਸੀ ਅੱਠ ਸਾਲਾ ਸਕੂਲੀ ਬੱਚੇ ਹਰਸ਼ਪ੍ਰੀਤ ਸਿੰਘ ਨੂੰ ਪਿਛਲੇ ਦਿਨੀਂ ਅਗਵਾ ਕਰ ਕੇ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਥਾਣਾ ਖੇੜੀ ਗੰਡਿਆਂ ਦੇ ਐੱਸਐੱਚਓ ਇੰਸਪੈਕਟਰ ਕਿਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਦੋਵਾਂ ਦਾ ਚਾਰ ਦਿਨਾਂ ਲਈ ਹੋਰ ਪੁਲੀਸ ਰਿਮਾਂਡ ਵਧਾ ਦਿੱਤਾ ਗਿਆ। ਇਨ੍ਹਾਂ ਮੁਲਜ਼ਮਾਂ ਵਿੱਚ ਸ਼ਰਨਦੀਪ ਸਿੰਘ ਸ਼ਾਨਾ ਅਤੇ ਲਖਵੀਰ ਸਿੰਘ ਲੱਖਾ ਦੇ ਨਾਂ ਸ਼ਾਮਲ ਹਨ। ਸ਼ਾਨਾ ਤਾਂ ਅਜੇ ਦਸਵੀਂ ਹੀ ਕਰ ਰਿਹਾ ਹੈ ਜਦਕਿ ਲੱਖੇ ਨੇ ਐਤਕੀ ਹੀ ਬਾਰ੍ਹਵੀਂ ਕੀਤੀ ਹੈ। ਯਾਦ ਰਹੇ ਕਿ ਭਾਵੇਂ ਪਰਿਵਾਰ ਤੇ ਪੁਲੀਸ ਦੀ ਸਾਂਝੀ ਯੋਜਨਾਬੰਦੀ ਦੇ ਤਹਿਤ ਬੱਚੇ ਨੂੰ ਤਾਂ ਤਿੰਨ ਘੰਟਿਆਂ ਮਗਰੋਂ ਹੀ ਬਰਾਮਦ ਕਰ ਲਿਆ ਗਿਆ ਸੀ ਜਦਕਿ ਅਗਾਵਕਾਰਾਂ ਨੂੰ ਅਗਲੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਤਾਂ ਬੱਚੇ ਦੇ ਹੀ ਪਿੰਡ ਦਾ ਵਸਨੀਕ ਹੈ। ਇੰਸਪੈਕਟਰ ਕਿਰਪਾਲ ਸਿੰੰਘ ਦਾ ਕਹਿਣਾ ਸੀ ਕਿ ਗ੍ਰਿਫਤਾਰੀ ਮੌਕੇ ਮੁਲਜ਼ਮਾ ਕੋਲ਼ੋਂ ਇੱਕ ਪਿਸਤੌਲ ਅਤੇ ਕਾਰਤੂਸ ਵੀ ਮਿਲੇ ਸਨ। ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਅਤੇ ਮੁਬਾਈਲ ਫੋਨ ਵੀ ਬਰਮਾਦ ਕਰ ਲਿਆ ਗਿਆ ਹੈ। ਇਹ ਦੋਵੇਂ ਵਸਤਾਂ ਚੋਰੀ ਦੀਆਂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾ ਤੋਂ ਅਗਵਾ ਦੀ ਇਸ ਘਟਨਾ ’ਚ ਹੋਰ ਕੌਣ ਕੌਣ ਹਨ ਸਮੇਤ ਹੋਰ ਵੱਖ ਵੱਖ ਪਹਿਲੂਆਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।