ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਮਈ
ਸੀਆਈਏ ਸਟਾਫ਼ ਪਟਿਆਲਾ ਨੇ ਜਾਅਲੀ ਕਰੰਸੀ ਛਾਪਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿਚ ਇੱਕ ਮਹਿਲਾ ਵੀ ਸ਼ਾਮਲ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪੁਲੀਸ ਨੇ 1.99 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਪ੍ਰਿੰਟਰ ਤੇ ਸਕੈਨਰ ਆਦਿ ਸਾਮਾਨ ਵੀ ਬਰਾਮਦ ਕੀਤਾ ਹੈ।
ਐੱਸਐੱਸਪੀ ਸੰਦੀਪ ਕੁਮਾਰ ਗਰਗ ਨੇ ਦੱਸਿਆ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣਾ ਜਸਵੀਰ ਸਿੰਘ ਜੱਸੀ ਵਾਸੀ ਭਵਾਨੀਗੜ੍ਹ, ਹਰਵਿੰਦਰ ਸਿੰਘ ਪਿੰਟੂ ਵਾਸੀ ਬਹਾਦਰਗੜ੍ਹ, ਰਵੀ ਉਰਫ਼ ਰਫੀ ਵਾਸੀ ਪਿੰਡ ਸਰੋਦ ਥਾਣਾ ਮਾਲੇਰਕੋਟਲਾ ਅਤੇ ਪ੍ਰਿਯਾਜੀਤ ਕੌਰ ਲਵਲੀ ਵਾਸੀ ਐੱਸਐੱਸਟੀ ਨਗਰ ਪਟਿਆਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ ’ਤੇ ਸੀਆਈਏ ਸਟਾਫ਼ ਦੇ ਇੰਚਾਰਜ ਰਾਹੁਲ ਕੌਸ਼ਲ ਦੀ ਅਗਵਾਈ ਹੇਠਲੀ ਟੀਮ ਨੇ ਥਾਣਾ ਸਦਰ ਪਟਿਆਲਾ ਦੇ ਪਿੰਡ ਮਹਿਮਦਪੁਰ ਜੱਟਾਂ ਵਿੱਚੋਂ ਇਹ ਗ੍ਰਿਫ਼ਤਾਰੀ ਕੀਤੀ ਹੈ। ਮੁਲਜ਼ਮ ਇੱਥੇ ਕਿਰਾਏ ਦੇ ਇੱਕ ਮਕਾਨ ਵਿਚ ਰਹਿ ਰਹੇ ਸਨ।ਉਨ੍ਹਾਂ ਦੱਸਿਆ ਗਰੋਹ ਦੇ ਸਰਗਨਾ ਜਸਵੀਰ ਸਿੰਘ ਖ਼ਿਲਾਫ਼ ਜਾਅਲੀ ਕਰੰਸੀ ਦਾ ਧੰਦਾ ਕਰਨ ਸਮੇਤ ਹੋਰ ਮਾਮਲਿਆਂ ਨੂੰ ਲੈ ਕੇ ਪਹਿਲਾਂ ਵੀ ਕੇਸ ਦਰਜ ਹਨ। ਉਹ 27 ਫਰਵਰੀ 2018 ਨੂੰ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਸੀ। ਬਾਹਰ ਆ ਕੇ ਉਸ ਨੇ ਡੀਜੇ ਦਾ ਕੰਮ ਕਰਦੇ ਆਪਣੇ ਜਾਣਕਾਰ ਪਿੰਟੂ ਨੂੰ ਨਾਲ ਰਲਾਇਆ, ਜਿਸ ਨੇ ਅੱਗੇ ਉਸ ਦੀ ਡਾਂਸਰ ਪ੍ਰਿਯਾਜੀਤ ਕੌਰ ਲਵਲੀ ਅਤੇ ਰਵੀ ਨਾਲ ਮੁਲਾਕਾਤ ਕਰਵਾਈ। ਮੁਲਜ਼ਮਾਂ ਨੇ ਮਹਿਮਦਪੁਰ ਜੱਟਾਂ ਵਿਚ ਕਿਰਾਏ ਦਾ ਮਕਾਨ ਲੈ ਕੇ ਜਾਅਲੀ ਕਰੰਸੀ ਛਾਪਣ ਦਾ ਕੰਮ ਸ਼ੁਰੂ ਕੀਤਾ।