ਪੱਤਰ ਪ੍ਰੇਰਕ
ਸਮਾਣਾ, 14 ਅਗਸਤ
ਪਿਛਲੇ ਹਫ਼ਤੇ ਤੜਕਸਾਰ ਚਾਰ ਕਾਰ ਸਵਾਰ ਲੁਟੇਰਿਆਂ ਵੱਲੋਂ ਪ੍ਰੇਮ ਸਿੰਘ ਵਾਲਾ ਮੋੜ ’ਤੇ ਖੋਹੀ ਗਈ ਕਾਰ ਪੁਲੀਸ ਨੇ ਪਿੰਡ ਧਨੇਠਾ ਨੇੜਿਓਂ ਬਰਾਮਦ ਕਰ ਕੇ ਨਾਬਾਲਗ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੀਆਈਏ ਸਟਾਫ਼ ਮੁਖੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੀਤੇ ਦਿਨੀਂ ਖੋਹੀ ਗਈ ਅਰਟਿਕਾ ਕਾਰ ਵਿੱਚ ਉਹੀ ਲੁਟੇਰੇ ਸਵਾਰ ਹੋ ਕੇ ਧਨੇਠਾ ਵੱਲ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਧਨੇਠਾ ਨੇੜੇ ਨਾਕਾ ਲਾ ਕੇ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਤਾਂ ਇੱਕ ਕਾਰ ਨੂੰ ਰੋਕ ਕੇ ਪੁੱਛਗਿੱਛ ਕਰਨ ’ਤੇ ਉਹ ਚੋਰੀ ਦੀ ਹੋਣ ਬਾਰੇ ਖੁਲਾਸਾ ਹੋਇਆ। ਕਾਰ ਸਵਾਰਾਂ ਨੂੰ ਮੌਕੇ ’ਤੇ ਕਾਰ ਸਣੇ ਕਾਬੂ ਕਰ ਕੇ ਹਿਰਾਸਤ ਵਿੱਚ ਲੈ ਲਿਆ ਗਿਆ ਜਿਨ੍ਹਾਂ ਦੀ ਪਛਾਣ ਇੰਦਰਜੀਤ ਸਿੰਘ ਉਰਫ਼ ਕਿੰਦੀ ਵਾਸੀ ਪਿੰਡ ਚਾਉਕੇ, ਜਨਕ ਸਿੰਘ ਉਰਫ਼ ਲੱਖਾ ਤੇ ਲਖਵੀਰ ਸਿੰਘ ਉਰਫ ਲਾਡੀ ਵਾਸੀ ਪਿੰਡ ਘੁੰਨਸ ਤੇ ਇੱਕ ਨਾਬਾਲਗ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਲੁਟੇਰਿਆਂ ਨੇ ਇਹ ਕਾਰ ਪਟਿਆਲਾ ਟੈਕਸੀ ਸਟੈਂਡ ਤੋਂ ਸੁੱਚਾ ਸਿੰਘ ਤੋਂ ਸਤਾਰਾਂ ਸੌ ਰੁਪਏ ਵਿੱਚ ਕਿਰਾਏ ’ਤੇ ਕਰ ਕੇ ਪਾਤੜਾਂ ਲੈ ਕੇ ਜਾਣ ਲਈ ਕੀਤੀ ਸੀ ਜੋ ਪਿੰਡ ਪ੍ਰੇਮ ਸਿੰਘ ਵਾਲਾ ਮੋੜ ’ਤੇ ਕਾਰ ਚਾਲਕ ਨੂੰ ਧੱਕਾ ਦੇ ਕੇ ਬਾਹਰ ਸੁੱਟ ਕੇ ਕਾਰ ਨੂੰ ਲੈ ਕੇ ਫ਼ਰਾਰ ਹੋ ਗਏ ਸਨ ਜਿਸ ਸਬੰਧੀ ਕਾਰ ਚਾਲਕ ਸੁੱਚਾ ਸਿੰਘ ਵੱਲੋਂ ਮਵੀ ਪੁਲੀਸ ਚੌਕੀ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ।